ਟਰੰਪ ਦਾ ਨਾਂ ਨੋਬਲ ਪੁਰਸਕਾਰ ਸੂਚੀ ''ਚ ਸ਼ਾਮਲ ਕਰਨ ਲਈ ਅਮਰੀਕੀ ਗਵਰਨਰਾਂ ਨੇ ਲਿਖੀ ਚਿੱਠੀ

05/16/2018 4:43:20 PM

ਕੋਲੰਬੀਆ— ਦੱਖਣੀ ਕੈਰੋਲਿਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਸਮੇਤ ਦੇਸ਼ ਦੇ 7 ਗਵਰਨਰਾਂ ਨੇ ਨੋਬਲ ਕਮੇਟੀ ਨੂੰ ਪੱਤਰ ਲਿੱਖ ਕੇ ਨੋਬਲ ਸ਼ਾਂਤੀ ਪੁਰਸਕਾਰ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਾਮਜ਼ਦਗੀ ਦਾ ਸਮਰਥਨ ਕੀਤਾ ਹੈ। ਆਪਣੇ ਇਸ ਖੱਤ ਵਿਚ ਗਵਰਨਰਾਂ ਨੇ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਲਿਆਉਣ ਦੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਨਾਮਜ਼ਦਗੀ ਦਾ ਸਮਰਥਨ ਕੀਤਾ ਹੈ। ਨਾਰਵੇ ਸਥਿਤ ਨੋਬਲ ਕਮੇਟੀ ਦੀ ਪ੍ਰਧਾਨ ਬੇਰਿਟ ਰੀਸ-ਐਂਡਰਸਨ ਨੂੰ ਇਸ ਹਫਤੇ ਲਿਖੇ ਪੱਤਰ ਵਿਚ ਮੈਕਮਾਸਟਰ ਅਤੇ 6 ਹੋਰ ਗਵਰਨਰਾਂ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ਵਿਰੁੱਧ ਟਰੰਪ ਨੇ ਸਖਤ ਰਵੱਈਆ ਅਪਣਾਇਆ ਹੈ। ਇਸ ਤੋਂ ਇਲਾਵਾ ਉਤਰੀ ਕੋਰੀਆ ਨਾਲ ਗੱਲਬਾਤ ਦੀ ਉਨ੍ਹਾਂ ਦੀ ਇੱਛਾ ਦੇ ਚਲਦੇ ਦੋਵਾਂ ਕੋਰੀਆਈ ਦੇਸ਼ਾਂ ਅਤੇ ਬਾਕੀ ਦੀ ਦੁਨੀਆ ਵਿਚਕਾਰ ਸਹਿਯੋਗ, ਦੋਸਤੀ ਅਤੇ ਇਕਜੁੱਟਤਾ ਦੇ ਨਵੇਂ ਰਾਹ ਖੋਲ੍ਹੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਸੰਸੰਦ ਦੇ 18 ਮੈਂਬਰਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪੱਤਰ ਲਿਖਿਆ ਸੀ ਅਤੇ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਟਰੰਪ ਦੀ ਇਤਿਹਾਸਕ ਸ਼ਿਖਰ ਬੈਠਕ ਦੀਆਂ ਤਿਆਰੀਆਂ ਦੌਰਾਨ ਉਨ੍ਹਾਂ ਨੂੰ ਪੁਰਸਕਾਰ ਲਈ ਰਸਮੀ ਰੂਪ ਨਾਲ ਨਾਮਜ਼ਦ ਕਰ ਦਿੱਤਾ ਸੀ। ਨੈਸ਼ਨਲ ਰਿਪਬਲਿਕਨ ਸੇਨੇਟੋਰੀਅਮ ਕਮੇਟੀ ਨੇ ਸਮਰਥਕਾਂ ਨੂੰ ਈਮੇਲ ਭੇਜ ਕੇ ਕਿਹਾ ਹੈ ਕਿ ਟਰੰਪ ਦਾ ਨਾਂ ਸੂਚੀ ਵਿਚ ਸ਼ਾਮਲ ਕਰਵਾ ਕੇ ਉਹ ਨੋਬਲ ਪੁਰਸਕਾਰ ਲਈ ਰਾਸ਼ਟਰਪਤੀ ਨੂੰ ਨਾਮਜ਼ਦ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ। ਸੰਗਠਨ ਦੀ ਵੈਬਸਾਈਟ ਮੁਤਾਬਕ ਪੱਤਰ ਲਿਖਣ ਵਾਲੇ ਗਵਰਨਰ ਉਨ੍ਹਾਂ ਲੋਕਾਂ ਵਿਚ ਸ਼ਾਮਲ ਨਹੀਂ ਹਨ, ਜੋ ਅਧਿਕਾਰਤ ਤੌਰ 'ਤੇ ਨੋਬਲ ਪੁਰਸਕਾਰ ਲਈ ਨਾਮਜ਼ਦਗੀ ਕਰ ਸਕਦੇ ਹਨ।


Related News