ਉਦਯੋਗਾਂ ''ਚ ਲੱਗਣਗੇ ਟ੍ਰੀਟਮੈਂਟ ਪਲਾਂਟ, ਪਰਾਲੀ ਨੂੰ ਸਾੜਨ ''ਤੇ ਮੁਕੰਮਲ ਰੋਕ ਲੱਗੇਗੀ
Monday, May 21, 2018 - 04:53 AM (IST)

ਜਲੰਧਰ (ਧਵਨ) - ਪੰਜਾਬ ਦੇ ਚੌਗਿਰਦਾ, ਸਿੱਖਿਆ ਅਤੇ ਆਜ਼ਾਦੀ ਸੰਗਰਾਮ ਕਲਿਆਣ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਚੌਗਿਰਦੇ ਨੂੰ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਟ੍ਰੀਟਮੈਂਟ ਪਲਾਂਟ ਲਾਉਣੇ ਯਕੀਨੀ ਬਣਾਏ ਜਾਣਗੇ। ਸੋਨੀ ਨੇ ਚੌਗਿਰਦਾ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ 'ਚ ਪ੍ਰਦੂਸ਼ਣ 'ਤੇ ਰੋਕ ਲਾਉਣ ਦੇ ਵੱਖ-ਵੱਖ ਉਪਾਵਾਂ 'ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਸਸਤੀ ਬਿਜਲੀ ਤੇ ਹੋਰ ਸਬਸਿਡੀਆਂ ਨਵੀਂ ਉਦਯੋਗਿਕ ਨੀਤੀ 'ਚ ਦਿੱਤੀਆਂ ਹਨ। ਉਦਯੋਗੀਕਰਨ ਦੇ ਨਾਲ-ਨਾਲ ਚੌਗਿਰਦੇ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਲੋੜ ਹੈ। ਜਿਸ ਐਕਸੀਅਨ ਅਧੀਨ ਪੈਂਦੇ ਇਲਾਕਿਆਂ 'ਚ ਉਦਯੋਗ ਨਿਯਮਾਂ ਦੀ ਉਲੰਘਣਾ ਫੜੀ ਗਈ ਤਾਂ ਸਬੰਧਤ ਐਕਸੀਅਨ ਹੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ 'ਚ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਸਖਤੀ ਵਰਤੀ ਜਾਏਗੀ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਵਿਭਾਗ ਦੇ ਅਧਿਕਾਰੀਆਂ ਦੀਆਂ ਕੋਸ਼ਿਸ਼ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 20 ਤੋਂ 25 ਫੀਸਦੀ ਕਮੀ ਦਰਜ ਕੀਤੀ ਗਈ ਹੈ।