ਚੋਰ ਗਿਰੋਹ ਦੇ 3 ਮੈਂਬਰ ਕਾਬੂ

Sunday, May 20, 2018 - 05:55 AM (IST)

ਚੋਰ ਗਿਰੋਹ ਦੇ 3 ਮੈਂਬਰ ਕਾਬੂ

ਅੰਮ੍ਰਿਤਸਰ, (ਅਰੁਣ)- ਥਾਣਾ ਬੀ-ਡਵੀਜ਼ਨ ਪੁਲਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਚੋਰ ਗਿਰੋਹ ਦੇ ਇਕ ਮੈਂਬਰ ਤੋਂ ਇਲਾਵਾ ਝਪਟਮਾਰ ਗਿਰੋਹ ਦੇ 2 ਮੈਂਬਰਾਂ ਨੂੰ ਵੀ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਚੋਰੀ ਕੀਤੇ ਗਏ 7 ਮੋਟਰਸਾਈਕਲਾਂ ਤੇ ਖੋਹਿਆ ਇਕ ਮੋਬਾਇਲ ਪੁਲਸ ਨੇ ਬਰਾਮਦ ਕਰ ਲਿਆ ਹੈ। ਥਾਣਾ ਬੀ-ਡਵੀਜ਼ਨ ਦੇ ਮੁਖੀ ਇੰਸਪੈਕਟਰ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਚੋਰੀ ਦਾ ਮੋਟਰਸਾਈਕਲ ਲੈ ਕੇ ਆ ਰਹੇ ਇਕ ਮੁਲਜ਼ਮ ਦੀਪਕ ਦੀਪੂ ਪੁੱਤਰ ਬੂਆ ਸਿੰਘ ਵਾਸੀ ਢੱਪਈ ਨੂੰ ਕਾਬੂ ਕਰਦਿਆਂ ਉਸ ਦੀ ਨਿਸ਼ਾਨਦੇਹੀ 'ਤੇ 3 ਹੋਰ ਮੋਟਰਸਾਈਕਲ ਪੁਲਸ ਨੇ ਬਰਾਮਦ ਕੀਤੇ।
ਇਕ ਵੱਖਰੀ ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੇ ਝਪਟਮਾਰ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ। ਬੀਤੇ ਕੱਲ ਪ੍ਰਤਾਪ ਨਗਰ ਨੇੜੇ ਰਿਕਸ਼ਾ 'ਤੇ ਜਾ ਰਹੀ ਪ੍ਰਤਾਪ ਨਗਰ ਵਾਸੀ ਸੁਨੀਤਾ ਦੇਵੀ ਹੱਥੋਂ ਉਸ ਦਾ ਪਰਸ ਖੋਹ ਕੇ ਦੌੜੇ 2 ਬਾਈਕ ਸਵਾਰਾਂ ਖਿਲਾਫ ਦਰਜ ਮਾਮਲੇ ਵਿਚ ਲੋੜੀਂਦੇ ਕੁਲਵੰਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਤੇ ਉਸ ਦੇ ਸਾਥੀ ਸੁਖਦੇਵ ਕਾਕਾ ਪੁੱਤਰ ਵਿਰਕਮਜੀਤ ਸਿੰਘ ਨੂੰ ਕਾਬੂ ਕਰਦਿਆਂ ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਖੋਹਿਆ ਇਕ ਮੋਬਾਇਲ ਤੇ ਚੋਰੀ ਕੀਤੇ 3 ਮੋਟਰਸਾਈਕਲ ਬਰਾਮਦ ਕੀਤੇ।
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਇੰਸਪੈਕਟਰ ਚੋਪੜਾ ਨੇ ਦੱਸਿਆ ਕਿ ਫੜੇ ਗਏ ਝਪਟਮਾਰ ਗਿਰੋਹ ਦੇ ਇਹ ਮੈਂਬਰ ਜੋ ਨਸ਼ਾ ਕਰਨ ਦੇ ਆਦੀ ਹਨ, ਤਰਨਤਾਰਨ ਜ਼ਿਲੇ ਤੋਂ ਵਿਸ਼ੇਸ਼ ਕਿਸਮ ਦੀਆਂ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਖਾਂਦੇ ਸਨ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। 


Related News