ਪ੍ਰਿੰਸ ਹੈਰੀ ਅਤੇ ਮੇਗਨ ਦੇ ਵਿਆਹ ''ਚ ਭਾਰਤ ਤੋਂ ਜਾਵੇਗਾ ਇਹ ਖਾਸ ਤੋਹਫਾ

05/18/2018 10:54:28 PM

ਲੰਡਨ — ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ਾਹੀ ਪਰਿਵਾਰ 'ਚੋਂ ਇਕ ਬ੍ਰਿਟਿਸ਼ ਸ਼ਾਹੀ ਪਰਿਵਾਰ 'ਚ ਇਨਾਂ ਦਿਨੀਂ ਤਿਓਹਾਰ ਜਿਹਾ ਮਾਹੌਲ ਹੈ। ਦੱਸ ਦਈਏ ਕਿ 19 ਮਈ (ਕੱਲ) ਨੂੰ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਰਾਜਕੁਮਾਰ ਪ੍ਰਿੰਸ ਹੈਰੀ (33) ਅਤੇ ਮੇਗਾਨ ਮਰਕੇਲ (36) ਦਾ ਵਿਆਹ ਹੋਣ ਜਾ ਰਿਹਾ ਹੈ। ਪੂਰੀ ਦੁਨੀਆ 'ਚ ਇਸ ਵਿਆਹ ਦੀ ਚਰਚਾ ਹੈ, ਪ੍ਰਿੰਸ ਹੈਰੀ ਦੇ ਵਿਆਹ ਲਈ ਭਾਰਤ ਤੋਂ ਇਕ ਤੋਹਫਾ ਭੇਜਿਆ ਜਾਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੋਹਫੇ ਦੇ ਤੌਰ 'ਤੇ ਭਾਰਤ ਤੋਂ ਇਕ ਬਲਦ ਦੀ ਤਸਵੀਰ ਇਸ ਸ਼ਾਹੀ ਜੋੜੇ ਲਈ ਭੇਜੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਤੋਹਫਾ ਜਾਨਵਰਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੀ ਸੰਸਥਾ ਪੇਟਾ (ਪੀਪਲਜ਼ ਫਾਰ ਦਿ ਐਥੀਕਲ ਟ੍ਰੀਟਮੈਂਟ ਐਨੀਮਲਸ) ਦੀ ਭਾਰਤੀ ਬ੍ਰਾਂਚ ਵੱਲੋਂ ਭੇਜਿਆ ਜਾਵੇਗਾ।
ਦਰਅਸਲ ਪੇਟਾ ਨੇ ਕੁਝ ਸਮੇਂ ਪਹਿਲਾਂ ਮਹਾਰਾਸ਼ਟਰ ਦੇ ਸਾਂਗਲੀ ਤੋਂ ਇਕ ਕਮਜ਼ੋਰ ਅਤੇ ਜ਼ਖਮੀ ਬਲਦ ਨੂੰ ਬਚਾਇਆ ਸੀ। ਮੰਨਿਆ ਜਾ ਰਿਹਾ ਹੈ ਕਿ ਬਲਦ ਲੰਮੇ ਸਮੇਂ ਤੱਕ ਬੈਲਗੱਡੀ ਖਿੱਚਣ ਕਾਰਨ ਜ਼ਖਮੀ ਹੋ ਗਿਆ ਸੀ, ਜਿਸ ਨੂੰ ਬਾਅਦ 'ਚ ਅਵਾਰਾ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਪੇਟਾ ਨੇ ਇਸ ਬਲਦ ਨੂੰ ਬਚਾਇਆ ਅਤੇ ਉਸ ਨੂੰ ਸਾਂਗਲੀ ਦੀ ਇਕ ਸੈਂਚੁਰੀ (ਜਾਨਵਰਾਂ ਦੇ ਰੱਖ-ਰਖਾਅ) 'ਚ ਰੱਖਿਆ ਗਿਆ। ਬ੍ਰਿਟਿਸ਼ ਸ਼ਾਹੀ ਪਰਿਵਾਰ 'ਚ ਹੋਣ ਵਾਲੇ ਵਿਆਹ ਪ੍ਰਤੀ ਸਨਮਾਨ ਦਿਖਾਉਂਦੇ ਹੋਏ ਪੇਟਾ ਨੇ ਇਸ ਬਲਦ ਦਾ ਨਾਂ 'ਮੈਰੀ' ਰੱਖਿਆ ਹੈ, ਜਿਹੜਾ ਕਿ ਮੇਗਨ ਅਤੇ ਪ੍ਰਿੰਸ ਹੈਰੀ ਦੇ ਨਾਂਵਾ ਦਾ ਜੋੜ ਹੈ। ਹੁਣ ਪੇਟਾ ਇਸ ਬਲਦ ਦੀ ਇਕ ਫ੍ਰੇਮ ਕੀਤੀ ਹੋਈ ਤਸਵੀਰ ਸ਼ਾਹੀ ਪਰਿਵਾਰ ਨੂੰ ਤੋਹਫੇ ਦੇ ਤੌਰ 'ਤੇ ਭੇਜੇਗਾ। ਪੇਟਾ ਦੇ ਫਾਊਂਡਰ ਇਨਗ੍ਰਿਡ ਨਿਊਕਰਕ ਦਾ ਕਹਿਣਾ ਹੈ ਕਿ 'ਸ਼ਾਹੀ ਜੋੜਾ' ਜੋ ਕਿ ਚੈਰਿਟੀ ਦੇ ਨਾਲ ਵਿਆਹ ਦੇ ਦਿਨ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ, ਉਸ ਲਈ ਬਲਦ 'ਮੈਰੀ' ਦੀ ਤਸਵੀਰ ਵਿਆਹ ਲਈ ਸ਼ਾਨਦਾਰ ਤੋਹਫਾ ਹੋਵੇਗਾ।
ਬਲਦ ਦੀ ਤਸਵੀਰ ਦੇ ਨਾਲ-ਨਾਲ ਡੱਬਾਵਾਲਿਆਂ ਦਾ ਸ਼ਹਿਰ ਸਾਂਗਲੀ ਬ੍ਰਿਟਿਸ਼ ਸ਼ਾਹੀ ਜੋੜੇ ਲਈ, ਜਿਸ 'ਚ ਲਾੜੇ ਲਈ ਇਕ ਫੇਟਾ (ਪੱਗੜੀ) ਅਤੇ ਲਾੜੀ ਲਈ ਇਕ ਸਾੜੀ ਵੀ ਤੋਹਫੇ ਦੇ ਤੌਰ 'ਤੇ ਭੇਜਣ ਵਾਲਾ ਹੈ। ਸ਼ਾਹੀ ਵਿਆਹ ਦੀ ਗੱਲ ਕਰੀਏ ਤਾਂ ਇਹ ਵਿਆਹ ਵਿੰਡਸਰ ਕੈਸਲ ਦੇ ਸੈਂਟ ਜਾਰਜ ਚੈਪਲ 'ਚ ਆਯੋਜਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਾਹੀ ਵਿਆਹ 'ਚ 600 ਮਹਿਮਾਨ ਸ਼ਾਮਲ ਹੋਣਗੇ, ਜਿਨ੍ਹਾਂ 'ਚ 200 ਲੋਕ ਪ੍ਰਿੰਸ ਹੈਰੀ ਅਤੇ ਮੇਗਨ ਮਾਰਕੇਲ ਦੇ ਦੋਸਤ ਜਾਂ ਰਿਸ਼ਤੇਦਾਰ ਹੋਣਗੇ। ਕਿਸੇ ਵੱਡੇ ਰਾਜਨੀਤਕ ਹਸਤੀ ਨੂੰ ਇਸ ਵਿਆਹ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਅਤੇ ਮੇਗਨ ਮਾਰਕੇਲ ਨੇ ਬੀਤੇ ਸਾਲ ਨਵੰਬਰ 'ਚ ਮੰਗਣੀ ਕੀਤੀ ਸੀ।


Related News