2 ਵਰ੍ਹਿਆਂ ਤੋਂ ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ''ਚ ਆਏ ਸਭ ਤੋਂ ਵੱਧ ਕੈਂਸਰ ਪੀੜਤ

05/23/2018 12:46:00 AM

ਚੰਡੀਗੜ੍ਹ/ਪਟਿਆਲਾ (ਪਰਮੀਤ) - ਪੰਜਾਬ ਵਿਚ ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ਅਜਿਹੇ ਜ਼ਿਲੇ ਹਨ ਜਿਨ੍ਹਾਂ ਵਿਚ ਤਕਰੀਬਨ ਪਿਛਲੇ ਡੇਢ ਸਾਲ ਤੋਂ ਸਭ ਤੋਂ ਵੱਧ ਕੈਂਸਰ ਪੀੜਤ ਸਰਕਾਰੀ ਸਹਾਇਤਾ ਹਾਸਲ ਕਰਨ ਲਈ ਸਾਹਮਣੇ ਆਏ ਹਨ। ਸਾਲ 2017 ਦੌਰਾਨ ਕੈਂਸਰ ਪੀੜਤਾਂ ਲਈ ਸਰਕਾਰ ਵੱਲੋਂ 118 ਕਰੋੜ 62 ਲੱਖ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ। ਮੌਜੂਦਾ ਸਾਲ ਵਿਚ 1 ਜਨਵਰੀ ਤੋਂ 23 ਮਾਰਚ ਤੱਕ 27 ਕਰੋੜ 88 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਕੈਂਸਰ ਪੀੜਤਾਂ ਦੇ ਇਲਾਜ ਲਈ ਜਾਰੀ ਹੋ ਚੁੱਕੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਸਾਲ ਸਾਲ 2017 ਅਤੇ ਮੌਜੂਦਾ ਵਰ੍ਹੇ 2018 ਵਿਚ ਸਭ ਤੋਂ ਵੱਧ ਕੈਂਸਰ ਪੀੜਤਾਂ ਦੀ ਗਿਣਤੀ ਅੰਮ੍ਰਿਤਸਰ ਦੀ ਰਹੀ ਹੈ ਜਿਨ੍ਹਾਂ ਨੇ ਸਹਾਇਤਾ ਰਾਸ਼ੀ ਲੈਣ ਵਾਸਤੇ ਸਰਕਾਰ ਕੋਲ ਪਹੁੰਚ ਕੀਤੀ। 2017 ਵਿਚ ਕੁੱਲ 8799 ਵਿਅਕਤੀਆਂ ਨੂੰ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤਕੋਸ਼ ਸਕੀਮ ਤਹਿਤ 118 ਕਰੋੜ 62 ਲੱਖ 77,751 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਜਿਸ ਵਿਚੋਂ ਇਕੱਲੇ ਅੰਮ੍ਰਿਤਸਰ ਦੇ 847 ਪੀੜਤਾਂ ਨੂੰ 12 ਕਰੋੜ 55 ਲੱਖ 16479 ਰੁਪਏ ਦੀ ਸਹਾਇਤਾ ਮਿਲੀ। 2018 ਵਿਚ  ਅੰਮ੍ਰਿਤਸਰ ਦੇ ਪੀੜਤਾਂ ਦੀ ਗਿਣਤੀ 235 ਰਹੀ ਜਿਨ੍ਹਾਂ ਨੂੰ 3 ਕਰੋੜ 47 ਲੱਖ 70 ਹਜ਼ਾਰ ਦੀ ਸਹਾਇਤਾ ਮਿਲੀ ਜਦਕਿ 2016 ਵਿਚ ਵੀ ਅੰਮ੍ਰਿਤਸਰ ਦੇ ਹੀ ਪੀੜਤ ਸਭ ਤੋਂ ਜ਼ਿਆਦਾ ਸਨ ਜਿਨ੍ਹਾਂ ਦੀ ਗਿਣਤੀ 1052 ਸੀ, ਜਿਨ੍ਹਾਂ ਨੂੰ 15 ਕਰੋੜ 42 ਲੱਖ 90 ਹਜ਼ਾਰ ਤੋਂ ਵੱਧ ਦੀ ਸਹਾਇਤਾ ਮਿਲੀ।
ਲੁਧਿਆਣਾ ਜ਼ਿਲੇ ਦੇ ਕੈਂਸਰ ਪੀੜਤ ਸਹਾਇਤਾ ਰਾਸ਼ੀ ਲੈਣ ਵਿਚ ਦੂਜੇ ਸਥਾਨ 'ਤੇ ਰਹੇ ਹਨ, ਜਿੱਥੇ 2017 ਵਿਚ 842 ਪੀੜਤਾਂ ਨੇ 10 ਕਰੋੜ 2 ਲੱਖ ਤੋਂ ਵੱਧ ਦੀ ਸਹਾਇਤਾ ਰਾਸ਼ੀ ਪ੍ਰਾਪਤ ਕੀਤੀ। ਮੌਜੂਦਾ ਸਾਲ ਵਿਚ 182 ਪੀੜਤਾਂ ਨੂੰ 23 ਮਾਰਚ 2018 ਤੱਕ  2 ਕਰੋੜ 27 ਲੱਖ ਦੀ ਸਹਾਇਤਾ ਰਾਸ਼ੀ ਜਾਰੀ ਹੋ ਚੁੱਕੀ ਹੈ। ਇਸੇ ਤਰ੍ਹਾਂ ਸੰਗਰੂਰ ਜ਼ਿਲਾ ਤੀਜੇ ਸਥਾਨ 'ਤੇ ਹੈ, ਜਿਸ ਦੇ 2017 ਵਿਚ 764 ਕੈਂਸਰ ਪੀੜਤਾਂ ਨੂੰ 9 ਕਰੋੜ 44 ਲੱਖ ਤੋਂ ਵੱਧ ਦੀ ਸਹਾਇਤਾ ਮਿਲੀ। ਮੌਜੂਦਾ ਸਾਲ ਵਿਚ 179 ਪੀੜਤਾਂ ਨੂੰ 2 ਕਰੋੜ 59 ਲੱਖ ਤੋਂ ਵੱਧ ਦੀ ਸਹਾਇਤਾ ਮਿਲੀ ਹੈ।
ਸਾਲ 2017 ਵਿਚ ਪਟਿਆਲਾ ਜ਼ਿਲੇ ਦੇ 724 ਪੀੜਤਾਂ ਨੂੰ ਸਹਾਇਤਾ ਰਾਸ਼ੀ ਮਿਲੀ। ਬਠਿੰਡਾ ਦੇ 633 ਪੀੜਤ, ਗੁਰਦਾਸਪੁਰ ਦੇ 539, ਜਲੰਧਰ ਦੇ 505, ਤਰਨਤਾਰਨ ਦੇ 452, ਮੋਗਾ ਦੇ 399 ਅਤੇ ਸ੍ਰੀ ਮੁਕਤਸਰ ਸਾਹਿਬ ਦੇ 390 ਪੀੜਤਾਂ ਨੂੰ ਸਕੀਮ ਤਹਿਤ ਸਹਾਇਤਾ ਰਾਸ਼ੀ ਮਿਲੀ। ਸਾਲ 2018 ਵਿਚ ਪਟਿਆਲਾ ਜ਼ਿਲੇ ਦੇ 150, ਗੁਰਦਾਸਪੁਰ ਦੇ 144, ਬਠਿੰਡਾ ਦੇ 143, ਜਲੰਧਰ ਦੇ 112, ਤਰਨਤਾਰਨ ਦੇ 104, ਸ੍ਰੀ ਮੁਕਤਸਰ ਸਾਹਿਬ ਦੇ 87 ਅਤੇ ਮਾਨਸਾ ਦੇ 81 ਕੈਂਸਰ ਪੀੜਤ ਸਕੀਮ ਤਹਿਤ ਸਹਾਇਤਾ ਰਾਸ਼ੀ ਹਾਸਲ ਕਰ ਚੁੱਕੇ ਹਨ।


Related News