ਬਿਆਸ ਦਰਿਆ ਦੇ ਮਾਮਲੇ ''ਚ ਜੀ. ਏ. ਯੂ. ਲੁਧਿਆਣਾ ਦੇ ਵਿਗਿਆਨੀਆਂ ਨੇ ਜਾਰੀ ਕੀਤੀ ਰਿਪੋਰਟ
Wednesday, May 23, 2018 - 04:37 AM (IST)
ਅੰਮ੍ਰਿਤਸਰ, (ਨੀਰਜ)- ਬਿਆਸ ਦਰਿਆ 'ਚ ਲੱਖਾਂ ਦੀ ਗਿਣਤੀ ਵਿਚ ਮੱਛੀਆਂ ਦੇ ਮਾਰੇ ਜਾਣ ਦੇ ਮਾਮਲੇ 'ਚ ਵਿਗਿਆਨੀਆਂ ਵੱਲੋਂ ਦਰਿਆ ਦੇ ਪਾਣੀ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆ ਗਈ ਹੈ। ਇਸ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਬਿਆਸ ਦਰਿਆ ਦੇ ਪਾਣੀ ਵਿਚ ਕਿਸੇ ਜ਼ਹਿਰੀਲੇ ਤੱਤ ਨਾਲ ਨਹੀਂ ਸਗੋਂ ਪਾਣੀ ਵਿਚ ਸੀਰੇ ਦੀ ਮਾਤਰਾ ਵੱਧ ਪਾਏ ਜਾਣ ਕਾਰਨ ਮੱਛੀਆਂ ਦੀ ਮੌਤ ਹੋਈ ਹੈ।
ਇਸ ਸਬੰਧੀ ਅੰਮ੍ਰਿਤਸਰ ਜ਼ਿਲੇ ਦੇ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਬਿਆਸ ਦਰਿਆ ਦੇ ਪਾਣੀ ਦੇ ਸੈਂਪਲ ਲਏ ਸਨ, ਜਿਸ ਵਿਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਣੀ ਵਿਚ ਸੀਰੇ ਦੀ ਮਾਤਰਾ ਬਹੁਤ ਜ਼ਿਆਦਾ ਹੋ ਗਈ ਸੀ, ਜਿਸ ਨਾਲ ਪਾਣੀ ਵਿਚ ਆਕਸੀਜਨ ਦੀ ਕਮੀ ਆ ਗਈ ਅਤੇ ਮੱਛੀਆਂ ਤੇ ਹੋਰ ਜੀਵ-ਜੰਤੂਆਂ ਦੀ ਮੌਤ ਹੋ ਗਈ। ਡੀ. ਸੀ. ਨੇ ਦੱਸਿਆ ਕਿ ਯੂਨੀਵਰਸਿਟੀ ਦੇ ਡੀਨ ਬਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਪਾਣੀ ਵਿਚ ਕਿਸੇ ਤਰ੍ਹਾਂ ਦੀ ਕੀੜੇਮਾਰ ਦਵਾਈ ਜਾਂ ਜ਼ਹਿਰੀਲਾ ਤੱਤ ਨਹੀਂ ਪਾਇਆ ਗਿਆ। ਡੀ. ਸੀ. ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 17 ਮਈ ਨੂੰ ਹੀ ਬਿਆਸ ਦਰਿਆ ਦੇ ਵੱਖ-ਵੱਖ ਇਲਾਕਿਆਂ ਤੋਂ ਪਾਣੀ ਦੇ ਸੈਂਪਲ ਲਏ ਗਏ ਸਨ।
ਵਰਣਨਯੋਗ ਹੈ ਕਿ ਬਿਆਸ ਦਰਿਆ ਵਿਚ ਮਾਰੀਆਂ ਗਈਆਂ ਮੱਛੀਆਂ ਦੇ ਮਾਮਲੇ ਵਿਚ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਪਾਣੀ ਵਿਚ ਜ਼ਹਿਰੀਲੇ ਤੱਤ ਘੁਲਣ ਕਾਰਨ ਇਹ ਹਾਦਸਾ ਹੋਇਆ ਹੈ। ਇਸ ਮਾਮਲੇ ਵਿਚ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਕੀੜੀ ਅਫਗਾਨਾ ਸ਼ੂਗਰ ਮਿੱਲ ਨੂੰ ਬੰਦ ਵੀ ਕਰ ਦਿੱਤਾ ਗਿਆ ਪਰ ਵਿਗਿਆਨੀਆਂ ਦੀ ਰਿਪੋਰਟ ਕੁਝ ਵੱਖਰੀ ਹੀ ਸੱਚਾਈ ਬਿਆਨ ਕਰ ਰਹੀ ਹੈ।
