ਸਿੱਖ ਸੰਗਤਾਂ ਵੱਲੋਂ ਨਰਾਇਣ ਦਾਸ ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ
Sunday, May 20, 2018 - 12:28 AM (IST)

ਦਸੂਹਾ, (ਝਾਵਰ)- ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਤੋਂ ਸਿੱਖ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਅਪਮਾਨਜਨਕ ਸ਼ਬਦ ਬੋਲਣ ਵਾਲੇ ਅਖੌਤੀ ਸਾਧ ਨਰਾਇਣ ਦਾਸ ਵਿਰੁੱਧ ਰੋਸ ਮਾਰਚ ਉਪਰੰਤ ਪ੍ਰਦਰਸ਼ਨ ਕਰ ਕੇ ਮਿਆਣੀ ਰੋਡ ਦਸੂਹਾ ਕੈਂਥਾਂ ਚੌਕ ਵਿਖੇ ਪੁਤਲਾ ਫੂਕਿਆ ਗਿਆ। ਸੰਗਤਾਂ ਨੇ ਨਰਾਇਣ ਦਾਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪਵਿੱਤਰ ਪਾਲ ਸਿੰਘ, ਕਰਮਵੀਰ ਸਿੰਘ ਘੁੰਮਣ ਉਪ ਪ੍ਰਧਾਨ ਨਗਰ ਕੌਂਸਲ ਅਤੇ ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਨੇ ਕਿਹਾ ਕਿ ਅਖੌਤੀ ਸਾਧ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਸ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਗੁਰੂ ਸਾਹਿਬ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਇਸ ਮੌਕੇ ਅਮਨਪ੍ਰੀਤ ਸਿੰਘ ਸੋਨੂੰ ਖਾਲਸਾ, ਨਰਿੰਦਰ ਟੱਪੂ, ਗੁਰਵਿੰਦਰ ਸਿੰਘ, ਸਾਬੀ ਬਾਜਵਾ, ਤਰਸੇਮ ਸਿੰਘ ਖ਼ਾਲਸਾ, ਜਗਮੋਹਣ ਸਿੰਘ ਲਾਡੀ, ਹਨੀ ਬਾਬਾ, ਸਾਬੀ, ਰਾਜੂ, ਤਜਿੰਦਰ ਸੈਣੀ ਆਦਿ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।