ਪਾਰਟੀ ਆਗੂਆਂ ਤੇ ਵਰਕਰਾਂ ਦਾ ਲੱਗਾ ਉਪ ਚੋਣ ''ਚ ਜ਼ੋਰ, ਕੈਪਟਨ ਮਨਾ ਰਹੇ ਮਨਾਲੀ ''ਚ ਛੁੱਟੀਆਂ

05/22/2018 6:33:19 PM

ਜਲੰਧਰ (ਰਵਿੰਦਰ)— ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਸੂਬੇ ਦੀ ਰਾਜਨੀਤੀ 'ਚ ਪਾਰਟੀ ਵਰਕਰਾਂ ਤੇ ਨੇਤਾਵਾਂ ਨਾਲੋਂ ਟੁੱਟਦੇ ਜਾ ਰਹੇ ਹਨ। ਉਨ੍ਹਾਂ ਦੀ ਮਨਮਾਨੀ ਭਰੀ ਕਾਰਜਸ਼ੈਲੀ ਤੋਂ ਨਾ ਤਾਂ ਵਰਕਰ ਖੁਸ਼ ਹਨ ਅਤੇ ਨਾ ਹੀ ਪਾਰਟੀ ਦੇ ਨੇਤਾ। ਕਈ ਵਾਰ ਇਸ ਦੀ ਸ਼ਿਕਾਇਤ ਹਾਈਕਮਾਨ ਨੂੰ ਭੇਜੀ ਜਾ ਚੁੱਕੀ ਹੈ ਪਰ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ।
ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ 'ਚ ਪ੍ਰਚਾਰ ਮੁਹਿੰਮ ਪੂਰੀ ਤਰ੍ਹਾਂ ਤੇਜ਼ ਹੈ। ਕਾਂਗਰਸ ਦੇ ਕਈ ਨੇਤਾ ਪ੍ਰਚਾਰ ਮੁਹਿੰਮ 'ਚ ਜੁਟੇ ਹਨ। ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਖੁਦ ਤੇ 'ਆਪ' ਦੇ ਅਮਨ ਅਰੋੜਾ ਨੇ ਵੀ ਕਮਾਨ ਸੰਭਾਲ ਰੱਖੀ ਹੈ ਪਰ ਕਾਂਗਰਸ ਵਲੋਂ ਕੈਪਟਨ ਚੋਣ ਮੈਦਾਨ 'ਚੋਂ ਬਾਹਰ ਹਨ। 
ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਕਾਂਗਰਸੀ ਨੇਤਾਵਾਂ ਨੂੰ ਕੈਪਟਨ ਦੀ ਜ਼ਰੂਰਤ ਜ਼ਿਮਨੀ ਚੋਣ ਪ੍ਰਚਾਰ 'ਚ ਪਈ ਤਾਂ ਉਹ ਮਨਾਲੀ 'ਚ ਛੁੱਟੀਆਂ ਮਨਾਉਣ ਪਹੁੰਚ ਗਏ ਹਨ। ਵਿਰੋਧੀ ਪਾਰਟੀ ਦੇ ਨੇਤਾ ਵੀ ਕੈਪਟਨ ਦੀ ਇਸ ਕਾਰਜਸ਼ੈਲੀ ਨੂੰ ਆਪਣੇ ਚੋਣ ਪ੍ਰਚਾਰ ਦਾ ਹਿੱਸਾ ਬਣਾ ਰਹੇ ਹਨ। ਪਾਰਟੀ ਅੰਦਰ ਕੈਪਟਨ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਕਾਫੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਵਰਕਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਉਪ ਚੋਣ ਜਿੱਤਣ ਲਈ ਸਾਰੇ ਦਿਨ-ਰਾਤ ਇਕ ਕਰ ਰਹੇ ਹਨ ਤਾਂ ਦੂਜੇ ਪਾਸੇ ਦਿਸ਼ਾ-ਨਿਰਦੇਸ਼ ਦੇਣ ਵਾਲੇ ਨੇਤਾ ਹੀ ਮੈਦਾਨ 'ਚੋਂ ਗਾਇਬ ਹਨ ਅਤੇ ਮਨਾਲੀ 'ਚ ਛੁੱਟੀਆਂ ਮਨਾ ਰਹੇ ਹਨ। ਇਸ ਕਾਰਨ ਵਿਧਾਇਕਾਂ 'ਚ ਰੋਸ ਹੈ। ਵਿਧਾਇਕਾਂ ਨੂੰ ਸੀ. ਐੱਮ. ਦਰਬਾਰ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਕੋਈ ਵਿਧਾਇਕ ਖੁੱਲ੍ਹ ਕੇ ਆਪਣੀ ਗੱਲ ਰੱਖ ਸਕਦਾ ਹੈ।


Related News