ਬੱਚੇ ਨੂੰ ਜਨਮ ਦੇਣ ਮਗਰੋਂ ਹੋਈ ਦੁਰਲੱਭ ਬੀਮਾਰੀ ਦੀ ਸ਼ਿਕਾਰ, ਜਿਊਣਾ ਹੋਇਆ ਮੁਸ਼ਕਲ

06/06/2018 1:15:21 PM

ਵਾਸ਼ਿੰਗਟਨ (ਬਿਊਰੋ)— ਬੱਚੇ ਨੂੰ ਜਨਮ ਦੇਣਾ ਹਰ ਔਰਤ ਲਈ ਖੁਸ਼ੀ ਭਰਿਆ ਅਹਿਸਾਸ ਹੁੰਦਾ ਹੈ। ਪਰ ਕੁਝ ਮਾਮਲਿਆਂ ਵਿਚ ਅਜਿਹਾ ਅਹਿਸਾਸ ਨਹੀਂ ਹੁੰਦਾ। ਗਰਭ ਅਵਸਥਾ ਦੇ ਬਾਅਦ ਕੁਝ ਦੁਰਲੱਭ ਸਥਿਤੀਆਂ ਔਰਤ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਸਕਦੀਆਂ ਹਨ। ਅਜਿਹਾ ਹੀ ਕੁਝ ਅਮਰੀਕਾ ਦੀ ਰਹਿਣ ਵਾਲੀ 25 ਸਾਲਾ ਚੇਰੇਲੀ ਫਰੂਗੀਆ ਦੇ ਨਾਲ ਹੋਇਆ। ਚੇਰੇਲੀ ਨੇ ਜਨਵਰੀ ਵਿਚ ਬੇਟੀ ਨੂੰ ਜਨਮ ਦਿੱਤਾ, ਪਰ ਇਸ ਮਗਰੋਂ ਜੋ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸੀ। 
ਜਦੋਂ ਵੀ ਚੇਰੇਲੀ ਨਹਾਉਂਦੀ ਸੀ ਉਸ ਦੇ ਸਰੀਰ 'ਤੇ ਖਾਰਸ਼ ਹੋਣ ਲੱਗਦੀ, ਲਾਲ ਨਿਸ਼ਾਨ ਪੈ ਜਾਂਦੇ ਅਤੇ ਤੇਜ਼ ਦਰਦ ਹੋਣ ਲੱਗਦਾ। ਹਾਲਾਂਕਿ ਸ਼ੁਰੂ-ਸ਼ੁਰੂ ਵਿਚ ਚੇਰੇਲੀ ਨੂੰ ਲੱਗਿਆ ਕਿ ਸ਼ਾਇਦ ਅਜਿਹਾ ਕਿਸੇ ਪ੍ਰੋਡਕਟ ਦੀ ਐਲਰਜੀ ਕਾਰਨ ਹੋਇਆ ਸੀ। ਪਰ ਜਲਦੀ ਹੀ ਉਸ ਨੂੰ ਸਮਝ ਆ ਗਿਆ ਕਿ ਪਾਣੀ ਦੇ ਸੰਪਰਕ ਵਿਚ ਆਉਣ 'ਤੇ ਉਸ ਨੂੰ ਇਹ ਸਮੱਸਿਆ ਹੋ ਰਹੀ ਹੈ। ਫਿਰ ਚੇਰੇਲੀ ਨੇ ਗਰਮ ਪਾਣੀ, ਕੋਸੇ ਪਾਣੀ ਅਤੇ ਸਧਾਰਨ ਗਰਮ ਕੀਤੇ ਪਾਣੀ ਅਤੇ ਆਖਿਰ ਵਿਚ ਠੰਡੇ ਪਾਣੀ ਨਾਲ ਨਹਾ ਕੇ ਦੇਖਿਆ। ਪਰ ਕੋਈ ਫਾਇਦਾ ਨਹੀਂ ਹੋਇਆ। ਹਰ ਤਰ੍ਹਾਂ ਦੇ ਪਾਣੀ ਨਾਲ ਉਸ ਦੀ ਸਕਿਨ 'ਤੇ ਲਾਲ ਦਾਣੇ ਹੋ ਜਾਂਦੇ ਸਨ ਅਤੇ ਤੇਜ਼ ਦਰਦ ਹੁੰਦਾ ਸੀ। ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਚੇਰੇਲੀ ਨੂੰ ਉਦੋਂ ਹੋਇਆ ਜਦੋਂ ਉਸ ਨੇ ਦੇਖਿਆ ਕਿ ਹੁਣ ਪਸੀਨਾ ਨਿਕਲਣ 'ਤੇ ਵੀ ਉਸ ਨੂੰ ਉਨੀਂ ਹੀ ਪਰੇਸ਼ਾਨੀ ਹੋ ਰਹੀ ਹੈ।

PunjabKesari
ਚੇਰੇਲੀ ਨੂੰ ਅਹਿਸਾਸ ਹੋਇਆ ਕਿ ਉਹ ਇਕ ਦੁਰਲੱਭ ਬੀਮਾਰੀ ਦੀ ਸ਼ਿਕਾਰ ਹੋ ਚੁੱਕੀ ਹੈ। ਇਸ ਬੀਮਾਰੀ ਨੂੰ ''ਐਕਵਾਜੀਨਿਕ ਯੂਟੀਕੈਰੀਆ'' (aquagenic uticaria) ਕਿਹਾ ਜਾਂਦਾ ਹੈ। ਪੂਰੀ ਦੁਨੀਆ ਵਿਚ ਅਜਿਹੇ ਸਿਰਫ 35 ਮਾਮਲੇ ਹੀ ਸਾਹਮਣੇ ਆਏ ਹਨ। ਡਾਕਟਰਾਂ ਨੇ ਉਸ ਦੇ ਇਲਾਜ ਵਿਚ ਕਈ ਮਹੀਨੇ ਲੱਗ ਗਏ ਕਿਉਂਕਿ ਉਹ ਜਿਸ ਡਾਕਟਰ ਨੂੰ ਵੀ ਮਿਲੀ, ਉਨ੍ਹਾਂ ਵਿਚੋਂ ਕਿਸੇ ਨੇ ਵੀ ਇਸ ਸਮੱਸਿਆ ਬਾਰੇ ਨਹੀਂ ਸੁਣਿਆ ਸੀ। ਡਾਕਟਰਾਂ ਨੂੰ ਸ਼ੱਕ ਸੀ ਕਿ ਤਣਾਅ ਅਤੇ ਗਰਭ ਅਵਸਥਾ ਦੇ ਬਾਅਦ ਹੋਣ ਵਾਲੇ ਹਾਰਮੋਨਸ ਬਦਲਾਅ ਕਾਰਨ ਚੇਰੇਲ ਇਸ ਸਮੱਸਿਆ ਦੀ ਸ਼ਿਕਾਰ ਹੋ ਗਈ ਸੀ। ਪਾਣੀ ਦੇ ਸੰਪਰਕ ਵਿਚ ਆਉਂਦੇ ਹੀ ਉਸ ਦੀ ਸਕਿਨ 'ਤੇ ਲਾਲ ਦਾਣੇ ਦਿੱਸਣ ਲੱਗ ਪੈਂਦੇ ਸਨ, ਜੋ ਤੇਜ਼ ਦਰਦ ਕਰਦੇ ਸਨ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਉਹ ਪਾਣੀ ਪੀ ਸਕਦੀ ਹੈ ਕਿਉਂਕਿ ਉਹ ਅੰਦਰੂਨੀ ਰੂਪ ਵਿਚ ਪ੍ਰਭਾਵਿਤ ਨਹੀਂ ਹੁੰਦੀ ਹੈ। 
ਚੇਰੇਲੀ ਨੇ ਉਨ੍ਹਾਂ ਲੋਕਾਂ ਬਾਰੇ ਵੀ ਪੜ੍ਹਿਆ ਹੈ ਜੋ ਸਾਦਾ ਪਾਣੀ ਨਹੀਂ ਪੀ ਪਾਉਂਦੇ। ਕਿਉਂਕਿ ਇਸ ਨਾਲ ਉਨ੍ਹਾਂ ਦੇ ਗਲੇ ਵਿਚ ਸੋਜ਼ ਆ ਜਾਂਦੀ ਹੈ। ਦੱਸਣਯੋਗ ਹੈ ਕਿ ਚੇਰੇਲੀ ਜਿਸ ਬੀਮਾਰੀ ਦੀ ਸ਼ਿਕਾਰ ਹੋਈ ਹੈ ਉਸ ਦੀ ਹਾਲੇ ਤੱਕ ਕੋਈ ਪ੍ਰਭਾਵੀ ਦਵਾਈ ਨਹੀਂ ਮਿਲੀ ਹੈ।


Related News