ਜਬਰ-ਜ਼ਨਾਹ ਦੀ ਪੀੜਤਾ ਨੇ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਦੀ ਦਿੱਤੀ ਧਮਕੀ

Thursday, May 31, 2018 - 03:43 AM (IST)

ਜਬਰ-ਜ਼ਨਾਹ ਦੀ ਪੀੜਤਾ ਨੇ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਦੀ ਦਿੱਤੀ ਧਮਕੀ

ਬਠਿੰਡਾ(ਬਲਵਿੰਦਰ)-ਕਥਿਤ ਤੌਰ 'ਤੇ ਵਾਪਰੇ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ 'ਚ ਪੀੜਤਾ ਨੇ ਅੱਜ ਇਥੇ ਧਮਕੀ ਦਿੱਤੀ ਹੈ ਕਿ ਜੇਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਕਰਨ ਲਈ ਮਜਬੂਰ ਹੋਵੇਗੀ। ਪੀੜਤਾ ਨੇ ਦੱਸਿਆ ਕਿ ਘਰੇਲੂ ਕਲੇਸ਼ ਕਾਰਨ 22 ਮਈ ਨੂੰ ਜੇਠ ਤੇ ਸਹੁਰੇ ਨੇ ਉਸਦੇ ਪਤੀ ਦੀ ਕੁੱਟ-ਮਾਰ ਕਰ ਦਿੱਤੀ, ਜਿਸ ਕਾਰਨ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਫਿਰ 23 ਮਈ ਨੂੰ ਜਦੋਂ ਉਹ ਆਪਣੇ ਪਤੀ ਦੇ ਕੱਪੜੇ ਲੈਣ ਲਈ ਘਰ ਆਈ ਤਾਂ ਜੇਠ ਅਤੇ ਸਹੁਰੇ ਨੇ ਖੁੰਦਕ ਵਜੋਂ ਉਸ ਨਾਲ ਸਮੂਹਿਕ ਤੌਰ 'ਤੇ ਜਬਰ-ਜ਼ਨਾਹ ਕੀਤਾ, ਜਿਸਦੇ ਸਬੰਧ ਵਿਚ ਸ਼ਿਕਾਇਤ ਦੇਣ 'ਤੇ ਪੁਲਸ ਨੇ ਉਕਤ ਵਿਰੁੱਧ ਮੁਕੱਦਮਾ ਵੀ ਦਰਜ ਕਰ ਲਿਆ ਸੀ।  ਪੀੜਤਾ ਕਿਹਾ ਕਿ ਮੁਲਜ਼ਮ ਕਾਂਗਰਸ ਪਾਰਟੀ ਦੇ ਵਰਕਰ ਹਨ, ਇਸ ਲਈ ਇਕ ਕਾਂਗਰਸੀ ਮੰਤਰੀ ਉਨ੍ਹਾਂ ਦੀ ਸਿਫਾਰਿਸ਼ ਕਰ ਰਿਹਾ ਹੈ। ਸਿੱਟੇ ਵਜੋਂ ਪੁਲਸ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਉਕਤ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਹੀ ਹੈ। ਪੀੜਤਾ ਨੇ ਧਮਕੀ ਦਿੱਤੀ ਕਿ ਜੇਕਰ ਛੇਤੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮੰਤਰੀ ਦੀ ਕੋਠੀ ਸਾਹਮਣੇ ਆਤਮਦਾਹ ਕਰਨ ਲਈ ਮਜਬੂਰ ਹੋਵੇਗੀ। ਇਸ ਸੰਬੰਧੀ ਥਾਣਾ ਕੈਨਾਲ ਦੇ ਮੁਖੀ ਪਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮਾਮਲਾ ਘਰੇਲੂ ਕਲੇਸ਼ ਦਾ ਹੈ।


Related News