ਪੰਚਾਇਤਾਂ ਨੂੰ ਤਿੰਨ ਗੁਣਾ ਜ਼ਿਆਦਾ ਕਮਾਈ ਹੁੰਦੀ ਵੇਖ ਬੋਲੀ ਰੱਦ ਕਰਕੇ ਭੱਜਿਆ ਪੰਚਾਇਤ ਅਫਸਰ

Sunday, May 20, 2018 - 04:46 AM (IST)

ਪੰਚਾਇਤਾਂ ਨੂੰ ਤਿੰਨ ਗੁਣਾ ਜ਼ਿਆਦਾ ਕਮਾਈ ਹੁੰਦੀ ਵੇਖ ਬੋਲੀ ਰੱਦ ਕਰਕੇ ਭੱਜਿਆ ਪੰਚਾਇਤ ਅਫਸਰ

ਖੰਨਾ(ਸ਼ਾਹੀ, ਸੁਖਵਿੰਦਰ ਕੌਰ)-ਅੱਜ ਖੰਨਾ ਤੋਂ 5 ਕਿਲੋਮੀਟਰ ਦੂਰ ਪਿੰਡ ਜਲਣਪੁਰ ਵਿਚ ਗ੍ਰਾਮ ਪੰਚਾਇਤ ਵੱਲੋਂ ਸ਼ਾਮਲਾਟ ਜ਼ਮੀਨ ਦੀ ਬੋਲੀ ਸ਼ੁਰੂ ਹੋਈ ਤਾਂ ਜਦੋਂ ਪੰਚਾਇਤ ਅਫਸਰ ਨੇ ਵੇਖਿਆ ਕਿ ਪਿਛਲੇ ਸਾਲਾਂ ਤੋਂ ਬੋਲੀ ਤਿੰਨ ਗੁਣਾ ਜ਼ਿਆਦਾ ਰੇਟ 'ਤੇ ਕੀਤੀ ਜਾ ਰਹੀ ਹੈ, ਤਾਂ ਉਹ ਅੱਧ-ਵਿਚਾਲੇ ਹੀ ਬੋਲੀ ਨੂੰ ਰੱਦ ਕਰਕੇ ਚਲਾ ਗਿਆ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਲਗਾਤਾਰ ਕਰੀਬ 2 ਘੰਟੇ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਪੰਚਾਇਤ ਨੂੰ ਤਿੰਨ ਗੁਣਾਂ ਜ਼ਿਆਦਾ ਕਮਾਈ ਦਾ ਸਿਹਰਾ ਅਕਾਲੀ ਸਰਪੰਚ ਦੀ ਅਗਵਾਈ ਵਿਚ ਪ੍ਰਤੀਨਿਧਤਾ ਕਰ ਰਹੀ ਪੰਚਾਇਤ ਨੂੰ ਨਾ ਜਾਵੇ, ਇਸ ਲਈ ਬੋਲੀ ਰੱਦ ਕੀਤੀ ਗਈ । ਪੰਜਾਬ ਸਰਕਾਰ ਦੀਆਂ ਪੰਚਾਇਤਾਂ ਨੂੰ ਜ਼ਿਆਦਾ ਆਮਦਨ ਜੁਟਾਉਣ ਅਤੇ ਸਰਕਾਰੀ ਕੰਮ-ਧੰਦਿਆਂ 'ਚ ਪਾਰਦਰਸ਼ਿਤਾ ਲਿਆਉਣ ਲਈ ਅੱਜ ਅਖਬਾਰਾਂ ਵਿਚ ਇਸ਼ਤਿਹਾਰ ਦੇਣ ਤੋਂ ਬਾਅਦ ਪਿੰਡ ਜਲਣਪੁਰ ਵਿਚ 9 ਕਨਾਲ ਖੇਤੀਬਾੜੀ ਯੋਗ ਜ਼ਮੀਨ ਦੀ ਬੋਲੀ ਤੈਅ ਕੀਤੀ ਗਈ ਸੀ। ਸਵੇਰੇ ਕਰੀਬ 10 ਵਜੇ ਪੰਚਾਇਤ ਅਫਸਰ ਹਰਜੀਤ ਸਿੰਘ ਨੇ ਪੰਚਾਇਤ ਰਜਿਸਟਰ 'ਤੇ ਬੋਲੀ ਦੀ ਕਾਰਵਾਈ ਦਰਜ ਕਰਕੇ ਜਿਵੇਂ ਹੀ ਬੋਲੀ ਸ਼ੁਰੂ ਕੀਤੀ ਤਾਂ ਉਸਨੇ ਕਿਸੇ ਦਾ ਫੋਨ ਆਉਣ ਦੀ ਗੱਲ ਕਰਨ ਤੋਂ ਬਾਅਦ ਬੋਲੀ ਰੱਦ ਕਰ ਦਿੱਤੀ ।
ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਫੋਨ 'ਤੇ ਜਦੋਂ ਕੋਈ ਬੋਲੀ ਰੱਦ ਕਰਨ ਦੀ ਗੱਲ ਕਰ ਰਿਹਾ ਸੀ ਤਾਂ ਪੰਚਾਇਤ ਅਫਸਰ ਉਸਨੂੰ ਕਹਿ ਰਿਹਾ ਸੀ ਕਿ 30 ਲੋਕ ਬੋਲੀ ਦੇਣ ਲਈ ਆਏ ਹਨ। ਪਿੰਡ ਦੇ ਵੀ ਬਹੁਤ ਲੋਕ ਇਕੱਠੇ ਹੋਏ ਹਨ, ਇਹ ਬੋਲੀ ਰੱਦ ਕੀਤੀ ਗਈ ਤਾਂ ਮਾਹੌਲ ਵਿਗੜ ਸਕਦਾ ਹੈ, ਪਰ ਫੋਨ 'ਤੇ ਗੱਲ ਪੂਰੀ ਕਰਨ ਤੋਂ ਬਾਅਦ ਪੰਚਾਇਤ ਅਫਸਰ ਜਦੋਂ ਬੋਲੀ ਰੱਦ ਕਰ ਕੇ ਜਾਣ ਲੱਗਾ ਤਾਂ ਪਿੰਡ ਵਾਲਿਆਂ ਨੇ ਉਸਨੂੰ ਘੇਰ ਲਿਆ ਅਤੇ ਕਹਿਣ ਲੱਗੇ ਕਿ ਬੋਲੀ ਰੱਦ ਕਰਨ ਦਾ ਕਾਰਨ ਪੰਚਾਇਤ ਰਜਿਸਟਰ ਵਿਚ ਦਰਜ ਕੀਤਾ ਜਾਵੇ ਤਾਂ ਬਿਨਾਂ ਕਾਰਨ ਦਰਜ ਕਰੇ ਜਦੋਂ ਉਹ ਜਾਣ ਲੱਗਿਆ ਤਾਂ ਪਿੰਡ ਵਾਲਿਆਂ ਅਤੇ ਪੰਚਾਇਤ ਅਫਸਰ ਦੇ ਵਿੱਚ ਗਰਮਾ-ਗਰਮੀ ਹੋ ਗਈ, ਪਿੰਡ ਵਾਲੇ ਉਸ ਨੂੰ ਘੇਰ ਕੇ ਖੜ੍ਹ ਗਏ । ਮਾਮਲਾ ਅੱਗੇ ਨਾ ਵਧੇ ਤਾਂ ਪਿੰਡ ਦੇ ਸਰਪੰਚ ਨੇ ਉਸਨੂੰ ਜਾਣ ਦਿੱਤਾ ਅਤੇ ਖੰਨਾ ਸ਼ਹਿਰ ਨਾਲ ਸਬੰਧਿਤ ਮੀਡੀਆ ਕਰਮੀਆਂ ਨੂੰ ਸੂਚਿਤ ਕਰ ਦਿੱਤਾ। ਅੱਜ ਬੋਲੀ ਮੌਕੇ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਟਹਿਲ ਸਿੰਘ, ਸੁਖਦੇਵ ਸਿੰਘ, ਕਰਮਜੀਤ ਸਿੰਘ, ਪਾਲ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਸਵਰਨ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ ।
ਕੀ ਹੈ ਪਿੰਡ ਦੀ ਪੰਚਾਇਤ ਵਾਲਿਆਂ ਦੀ ਸ਼ਿਕਾਇਤ
ਇਸ ਘਟਨਾਕ੍ਰਮ ਦੀ ਸੂਚਨਾ ਮਿਲਦੇ ਹੀ ਜਦੋਂ ਪੱਤਰਕਾਰਾਂ ਦੀ ਟੀਮ ਪਿੰਡ ਪੁੱਜੀ ਤਾਂ ਸਰਪੰਚ ਪਰਮਜੀਤ ਸਿੰਘ ਸਮੇਤ ਕਰੀਬ 40-50 ਪਿੰਡ ਵਾਸੀ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ । ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਦੀ 9 ਕਨਾਲ ਸ਼ਾਮਲਾਟ ਜ਼ਮੀਨ ਲਈ ਪਹਿਲਾਂ ਕੇਵਲ 5-7 ਲੋਕ ਬੋਲੀ ਦੇਣ ਲਈ ਅੱਗੇ ਆਉਂਦੇ ਸਨ ।
ਇਸ ਵਾਰ ਬੋਲੀ ਦੇਣ ਲਈ 30 ਲੋਕ ਆਏ ਸਨ, ਜਿਨ੍ਹਾਂ ਦੇ ਪੰਚਾਇਤ ਰਜਿਸਟਰ ਵਿਚ ਦਸਤਖ਼ਤ ਕਰਵਾ ਕੇ ਬੋਲੀ ਸ਼ੁਰੂ ਕੀਤੀ ਗਈ ਸੀ । ਪਹਿਲਾਂ ਇਸ ਜ਼ਮੀਨ ਦੀ ਬੋਲੀ 30-35 ਹਜ਼ਾਰ ਰੁਪਏ ਸਾਲਾਨਾ 'ਤੇ ਬੰਦ ਹੁੰਦੀ ਸੀ । ਬੋਲੀ ਦੇਣ ਵਾਲੇ ਜ਼ਿਆਦਾ ਸਨ ਤਾਂ ਅੰਦਾਜ਼ਾ ਹੋ ਗਿਆ ਸੀ ਕਿ ਇਸ ਸਾਲ ਬੋਲੀ ਪਿਛਲੇ ਸਾਲਾਂ ਤੋਂ ਤਿੰਨ ਗੁਣਾ ਜ਼ਿਆਦਾ 90 ਹਜ਼ਾਰ ਤੋਂ 1 ਲੱਖ ਰੁਪਏ ਸਾਲਾਨਾ ਤੱਕ ਜਾਵੇਗੀ, ਜਿਸਦੇ ਨਾਲ ਪਿੰਡ ਵਿੱਚ ਵਿਕਾਸ ਦੇ ਕਾਰਜ ਪੂਰੇ ਜ਼ੋਰਾਂ ਨਾਲ ਸ਼ੁਰੂ ਹੋਣੇ ਸਨ, ਕਿਉਂਕਿ ਪਿੰਡ ਦਾ ਸਰਪੰਚ ਅਕਾਲੀ ਦਲ ਨਾਲ ਸਬੰਧਿਤ ਹੈ ਤਾਂ ਅਫਸਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿ ਵਿਕਾਸ ਦੇ ਕਾਰਜ ਮੌਜੂਦਾ ਪੰਚਾਇਤ ਦੀ ਕਾਰਜਕਾਲ ਵਿੱਚ ਹੋਵੇ ਇਸ ਲਈ ਇਹ ਬੋਲੀ ਰੱਦ ਕੀਤੀ ਗਈ ਹੈ ।
ਕੀ ਹੈ ਪੰਚਾਇਤ ਰਜਿਸਟਰ ਵਿਚ ਕਾਰਵਾਈ
ਪੰਚਾਇਤ ਅਫਸਰ ਹਰਜੀਤ ਸਿੰਘ ਦੀ ਆਪਣੀ ਲਿਖਾਈ ਨਾਲ ਜੋ ਗ੍ਰਾਮ ਪੰਚਾਇਤ ਦੇ ਰਜਿਸਟਰ ਵਿਚ ਕਾਰਵਾਈ ਦਰਜ ਕੀਤੀ, ਉਸਦੇ ਅਨੁਸਾਰ ਉਸਨੇ ਲਿਖਿਆ ਹੈ ਕਿ ਅੱਜ ਤੈਅ ਕੀਤੀ ਗਈ ਤਾਰੀਖ ਦੇ ਮੁਤਾਬਿਕ ਪੰਚਾਇਤ ਜਲਣਪੁਰ ਦੀ ਜ਼ਮੀਨ ਦੀ ਬੋਲੀ ਤੈਅ ਕੀਤੀ ਗਈ ਸੀ ।ਇਹ ਬੋਲੀ ਸਰਪੰਚ ਪਰਮਜੀਤ ਸਿੰਘ ਦੀ ਪ੍ਰਧਾਨਗੀ ਵਿਚ ਸਵੇਰੇ 10 ਵਜੇ ਗੁਰੂ ਘਰ ਦੇ ਸਾਹਮਣੇ ਕੀਤੀ ਗਈ । ਇਸ ਮੌਕੇ ਪਿੰਡ ਦੇ ਲੋਕ ਅਤੇ ਬੋਲੀਦਾਰ ਹਾਜ਼ਰ ਸਨ, ਜਿਨ੍ਹਾਂ ਨੂੰ ਬੋਲੀ ਦੀਆਂ ਸ਼ਰਤਾਂ ਪੜ੍ਹ ਕੇ ਸੁਣਾਈਆਂ ਗਈਆਂ ।
ਇਹ ਬੋਲੀ ਇਕ ਸਾਲ 2018-19 ਲਈ ਕੀਤੀ ਗਈ ਹੈ । ਜ਼ਮੀਨ ਦਾ ਕਬਜ਼ਾ 30 ਅਪ੍ਰੈਲ 2019 ਨੂੰ ਹਾੜ੍ਹੀ ਦੀ ਫਸਲ ਕੱਟਣ ਦੇ ਬਾਅਦ ਦਿੱਤਾ ਜਾਵੇਗਾ । ਚਕੋਤੇ ਦੀ ਰਕਮ ਮੌਕੇ 'ਤੇ ਵਸੂਲੀ ਜਾਵੇਗੀ । ਚਕੌਤੇਦਾਰ ਜ਼ਮੀਨ ਤੋਂ ਮਿੱਟੀ ਦੀ ਪੁਟਾਈ ਨਹੀਂ ਕਰ ਸਕੇਗਾ ਕੁੱਲ ਰਕਬੇ ਦਾ ਅੱਧਾ ਹਿੱਸਾ ਐੱਸ. ਸੀ. ਵਰਗ ਲਈ ਰਾਖਵਾਂ ਹੋਵੇਗਾ । ਸਰਪੰਚ ਅਤੇ ਪੰਚ ਇਸ ਬੋਲੀ ਵਿਚ ਭਾਗ ਨਹੀਂ ਲੈਣਗੇ ।ਬਿਜਲੀ ਦਾ ਬਿੱਲ ਬੋਲੀਦਾਰ ਵੱਲੋਂ ਭਰਿਆ ਜਾਵੇਗਾ ।
ਕੀ ਕਹਿਣਾ ਹੈ ਪੰਚਾਇਤ ਅਫਸਰ ਤੇ ਬੀ. ਡੀ. ਪੀ. ਓ. ਦਾ?
ਇਸ ਸਬੰਧੀ ਜਦੋਂ ਪੰਚਾਇਤ ਅਫਸਰ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸਨੇ ਜਿਵੇਂ ਹੀ ਬੋਲੀ ਸ਼ੁਰੂ ਕੀਤੀ ਤਾਂ ਉਸ ਨੂੰ ਬੀ. ਡੀ. ਪੀ. ਓ. ਸਾਹਿਬ ਦਾ ਫੋਨ ਆ ਗਿਆ, ਜਿਨ੍ਹਾਂ ਕਿਹਾ ਕਿ ਬੋਲੀ ਰੱਦ ਕਰਕੇ ਚਲੇ ਆਓ, ਬੋਲੀ ਰੱਦ ਕਰਨ ਦਾ ਕਾਰਨ ਕੀ ਹੋ ਸਕਦਾ ਇਸ ਸਬੰਧੀ ਬੀ. ਡੀ. ਪੀ. ਓ. ਹੀ ਦੱਸ ਸਕਦੇ ਹਨ। ਉਨ੍ਹਾਂ ਨੂੰ ਪੁੱਛਿਆ ਜਾ ਸਕਦਾ ਹੈ ।
ਬੀ. ਡੀ. ਪੀ. ਓ. ਸੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ ਡੀ. ਸੀ. ਦਫਤਰ ਮੀਟਿੰਗ ਵਿਚ ਜਾਣਾ ਸੀ, ਜਿਸਦੇ ਲਈ ਕੁੱਝ ਕਾਗਜ਼ਾਂ ਦੀ ਜ਼ਰੂਰਤ ਸੀ, ਜੋ ਪੰਚਾਇਤ ਅਫਸਰ ਨੇ ਕੱਢ ਕੇ ਦੇਣੇ ਸਨ, ਇਸ ਲਈ ਉਸਨੂੰ ਬੋਲੀ ਰੱਦ ਕਰਨ ਲਈ ਕਿਹਾ ਗਿਆ ਸੀ । ਜਦੋਂ ਉਸ ਤੋਂ ਪੁੱਛਿਆ ਗਿਆ ਕਿ ਅਖਬਾਰਾਂ ਵਿਚ ਇਸ਼ਤਿਹਾਰ ਦਾ ਖਰਚਾ ਕਰਕੇ ਬੋਲੀ ਤੈਅ ਕੀਤੀ ਗਈ ਹੈ। ਡੀ. ਸੀ. ਦੀ ਮੀਟਿੰਗ ਵਿਚ ਪੰਚਾਇਤ ਅਫਸਰ ਨੇ ਜਾਣਾ ਨਹੀਂ ਸੀ ਤਾਂ ਇੰਨੇ ਮਹੱਤਵਪੂਰਨ ਕੰਮ ਲਈ ਕੇਵਲ ਡੀ. ਸੀ. ਦਫਤਰ ਮੀਟਿੰਗ ਲਈ ਕੀ ਬੋਲੀ ਨੂੰ ਰੱਦ ਕੀਤਾ ਜਾ ਸਕਦਾ ਹੈ ਤਾਂ ਉਸਨੇ ਦੱਸਿਆ ਕਿ ਡੀ. ਸੀ. ਦੀ ਮੀਟਿੰਗ ਜ਼ਿਆਦਾ ਮਹੱਤਵਪੂਰਨ ਹੈ, ਬੋਲੀ ਤਾਂ ਫਿਰ ਵੀ ਹੋ ਸਕਦੀ ਹੈ ।
ਕੀ ਕਹਿਣਾ ਹੈ ਡੀ. ਸੀ. ਲੁਧਿਆਣਾ ਦਾ
ਇਸ ਸਬੰਧੀ ਜਦੋਂ ਡੀ. ਸੀ. ਲੁਧਿਆਣਾ ਪ੍ਰਦੀਪ ਅਗਰਵਾਲ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੀਟਿੰਗ ਇੰਨੀ ਮਹੱਤਵਪੂਰਨ ਨਹੀਂ ਸੀ, ਜਿੰਨੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਨੂੰ ਪੂਰਾ ਕਰਨਾ ਅਤੇ ਉਹ ਵੀ ਜਦੋਂ ਪੰਚਾਇਤ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਆਮਦਨ ਹੋ ਰਹੀ ਹੋਵੇ । ਉਹ ਇਸ ਗੱਲ ਦੀ ਜਾਂਚ ਕਰਵਾਉਣਗੇ ਅਤੇ ਦੋਸ਼ੀ ਪਾਏ ਗਏ ਅਫਸਰਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ।


Related News