PNB ਘਪਲਾ : ਭਗੌੜਾ ਆਰਡੀਨੈਂਸ ਤਹਿਤ ਨੀਰਵ ਮੋਦੀ ਦੀਆਂ ਜਾਇਦਾਦਾਂ ਦੀ ਜ਼ਬਤੀ ਚਾਹੁੰਦੈ ED

05/27/2018 11:53:59 PM

ਨਵੀਂ ਦਿੱਲੀ -ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਜਾਇਦਾਦਾਂ ਨੂੰ ਹਾਲ 'ਚ ਲਿਆਂਦੇ ਗਏ ਭਗੌੜਾ ਆਰਥਕ ਅਪਰਾਧ ਆਰਡੀਨੈਂਸ ਤਹਿਤ ਤੁਰੰਤ ਜ਼ਬਤ ਕਰਨ ਦੀ ਆਗਿਆ ਲੈਣ ਲਈ ਮੁੰਬਈ 'ਚ ਵਿਸ਼ੇਸ਼ ਅਦਾਲਤ 'ਚ ਜਾਵੇਗਾ।  


ਇਨਫੋਰਸਮੈਂਟ ਡਾਇਰੈਕਟੋਰੇਟ ਮੁੰਬਈ 'ਚ ਪਿਛਲੇ ਹਫ਼ਤੇ ਧਨ ਸੋਧ ਰੋਕਣ ਵਾਲਾ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਦਰਜ ਦੋਸ਼ ਪੱਤਰ ਦੇ ਆਧਾਰ 'ਤੇ ਨੀਰਵ ਮੋਦੀ ਨੂੰ ਭਗੌੜੇ ਦੇ ਰੂਪ 'ਚ ਵਰਗੀਕ੍ਰਿਤ ਕਰਨ ਲਈ ਅਧਿਕਾਰਕ ਐਲਾਨ ਦੀ ਅਪੀਲ ਕਰੇਗਾ। ਈ. ਡੀ. ਨੇ 24 ਮਈ ਨੂੰ ਪੀ. ਐੱਨ. ਬੀ. ਦੇ 2 ਅਰਬ ਡਾਲਰ ਤੋਂ ਜ਼ਿਆਦਾ ਦੇ ਘਪਲੇ 'ਚ ਦੋਸ਼ ਪੱਤਰ ਦਰਜ ਕੀਤਾ ਸੀ। ਦੋਸ਼ ਪੱਤਰ 'ਚ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ 'ਤੇ ਦੋਸ਼ ਹੈ ਕਿ ਉਨ੍ਹਾਂ 6400 ਕਰੋੜ ਰੁਪਏ ਦੇ ਬੈਂਕ ਫੰਡ ਨੂੰ ਕਥਿਤ ਰੂਪ 'ਚ ਵਿਦੇਸ਼ਾਂ 'ਚ ਦਿਖਾਵਟੀ ਕੰਪਨੀਆਂ 'ਚ ਇਧਰ-ਓਧਰ ਕੀਤਾ।  

ਪੀ. ਐੱਮ. ਐੱਲ. ਏ. ਦੀ ਧਾਰਾ 45 ਤਹਿਤ ਦਰਜ ਦੋਸ਼ ਪੱਤਰ 'ਚ ਕੁਲ 24 ਦੋਸ਼ੀਆਂ ਦੇ ਨਾਂ ਹਨ। ਇਨ੍ਹਾਂ 'ਚ ਨੀਰਵ ਮੋਦੀ, ਉਸ ਦੇ ਪਿਤਾ, ਭਰਾ ਨੀਸ਼ਲ ਮੋਦੀ, ਭੈਣ ਪੁਰਵੀ ਮੋਦੀ, ਰਿਸ਼ਤੇਦਾਰ ਮਯੰਕ ਮਹਿਤਾ ਤੇ ਡਿਜ਼ਾਈਨਰ ਗਹਿਣਾ ਕੰਪਨੀਆਂ ਸੋਲਰ ਐਕਸਪੋਰਟਸ, ਸਟੇਲਰ ਡਾਇਮੰਡਸ ਅਤੇ ਡਾਇਮੰਡਸ ਆਰ. ਯੂ. ਸ਼ਾਮਲ ਹਨ। ਇਕ ਉੱਚ ਅਧਿਕਾਰੀ ਨੇ ਇਕ ਇੰਟਰਵਿਊ 'ਚ ਕਿਹਾ, ''ਅਦਾਲਤ ਵੱਲੋਂ 12,000 ਪੰਨਿਆਂ ਦੇ ਦੋਸ਼ ਪੱਤਰ 'ਤੇ ਕੱਲ ਨੋਟਿਸ ਲਏ ਜਾਣ ਦੀ ਉਮੀਦ ਹੈ। ਏਜੰਸੀ ਦੇ ਵਕੀਲ ਉਸੇ ਵੇਲੇ ਮੋਦੀ ਦੇ ਖਿਲਾਫ ਭਗੌੜਾ ਆਰਥਕ ਅਪਰਾਧ ਆਰਡੀਨੈਂਸ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦੀ ਅਪੀਲ ਕਰਨਗੇ।''


Related News