ਟਰੇਨਾਂ ''ਚ ਹੁਣ ਮਹਿਲਾਵਾਂ ਦੀ ਸੁਰੱਖਿਆ ਲਈ ਲੱਗੇਗਾ ''ਪੈਨਿਕ ਬਟਨ''

Sunday, May 13, 2018 - 04:00 PM (IST)

ਨਵੀਂ ਦਿੱਲੀ— ਟਰੇਨਾਂ 'ਚ ਮਹਿਲਾਵਾਂ ਦੀ ਸੁਰੱਖਿਆ ਲਈ ਰੇਲ ਮੰਤਰਾਲਾ ਨਵਾਂ ਕਦਮ ਚੁੱਕਣ ਜਾ ਰਿਹਾ ਹੈ। ਹੁਣ ਟਰੇਨ ਦੇ ਹਰ ਡੱਬੇ 'ਚ ਇਕ 'ਪੈਨਿਕ ਬਟਨ' ਹੋਵੇਗਾ, ਜਿਸ ਨੂੰ ਸੰਕਟ ਦੇ ਸਮੇਂ ਦਬਾਉਣ 'ਤੇ ਤਤਕਾਲ ਮਦਦ ਮੁਹੱਈਆ ਕਰਾਈ ਜਾਵੇਗੀ। ਇਸ ਦੇ ਇਲਾਵਾ ਜਿਨ੍ਹਾਂ ਟਰੇਨਾਂ 'ਚ ਮਹਿਲਾਵਾਂ ਲਈ ਵਿਸ਼ੇਸ਼ ਡੱਬੇ ਹੁੰਦੇ ਹਨ ਉਨ੍ਹਾਂ ਦਾ ਅੰਦਰ ਵਾਲਾ ਰੰਗ ਹੋਰ ਡੱਬਿਆਂ ਨਾਲੋਂ ਵੱਖਰਾ ਹੋਵੇਗਾ। ਰੇਲਵੇ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਮਹਿਲਾਵਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਕਦਮ ਉਠਾ ਰਿਹਾ ਹੈ, ਤਾਂ ਕਿ ਉਹ ਟਰੇਨਾਂ 'ਚ ਆਰਾਮ ਨਾਲ ਸਫਰ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਰੇਲਵੇ ਟਰੇਨਾਂ 'ਚ 'ਪੈਨਿਕ ਬਟਨ' ਲਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇਹ ਬਟਨ ਦਬਾਉਂਦੇ ਹੀ ਟਰੇਨ ਦੇ ਗਾਰਡ ਨੂੰ ਤੁਰੰਤ ਪਤਾ ਚੱਲ ਜਾਵੇਗਾ ਕਿ ਟਰੇਨ ਦੇ ਕਿਹੜੇ ਡੱਬੇ 'ਚ ਮਹਿਲਾ ਪ੍ਰੇਸ਼ਾਨੀ 'ਚ ਹੈ। ਗਾਰਡ ਟਰੇਨ 'ਚ ਮੌਜੂਦ ਐਸਕਾਰਟ ਕਰਨ ਵਾਲੇ ਜਵਾਨ ਅਤੇ ਟੀ. ਟੀ. ਈ. ਨੂੰ ਵਾਕੀ-ਟਾਕੀ ਜ਼ਰੀਏ ਸੂਚਤ ਕਰੇਗਾ।

ਅਧਿਕਾਰੀ ਮੁਤਾਬਕ, ਸੰਕਟ ਦੀ ਸਥਿਤੀ 'ਚ ਮਹਿਲਾ ਯਾਤਰੀ ਅਲਾਰਮ ਚੇਨ ਕੋਲ ਲੱਗੇ ਬਟਨ ਨੂੰ ਦਬਾ ਸਕੇਗੀ। ਇਸ ਜ਼ਰੀਏ ਗਾਰਡ ਦੇ ਇਲਾਵਾ ਬਾਹਰ ਉਪਲੱਬਧ ਫਲੈਸ਼ਰ ਯੂਨਿਟਾਂ 'ਤੇ ਆਡੀਓ-ਵਿਜ਼ੁਅਲ ਸੰਕੇਤ ਵੀ ਮਿਲੇਗਾ ਅਤੇ ਸੁਰੱਖਿਆ 'ਚ ਤਾਇਨਾਤ ਟੀਮਾਂ ਵੀ ਤਤਕਾਲ ਚੌਕਸ ਹੋ ਜਾਣਗੀਆਂ। ਸੰਕੇਤ ਦੇ ਆਧਾਰ 'ਤੇ ਟੀਮ ਪੀੜਤ ਯਾਤਰੀ ਕੋਲ ਤੁਰੰਤ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਜੇ ਤਕ ਟਰੇਨ 'ਚ ਸਫਰ ਕਰਨ ਵਾਲੀਆਂ ਮਹਿਲਾਵਾਂ ਨੂੰ ਸੰਕਟ ਦੀ ਸਥਿਤੀ 'ਚ ਹੈਲਪਲਾਈਨ ਨੰਬਰ ਜਾਂ ਐੱਸ. ਐੱਮ. ਐੱਸ. ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਫਿਰ ਚੇਨ ਖਿਚਣੀ ਪੈਂਦੀ ਹੈ ਪਰ ਹੁਣ ਨਵੀਂ ਸੁਰੱਖਿਆ ਪ੍ਰਣਾਲੀ ਨਾਲ ਤੁਰੰਤ ਸਹਾਇਤਾ ਕੀਤੀ ਜਾ ਸਕੇਗੀ। ਉਨ੍ਹਾਂ ਨੇ ਉਮੀਦ ਜਤਾਈ ਕਿ 'ਪੈਨਿਕ ਬਟਨ' ਵਾਲੀ ਯੋਜਨਾ ਇਸੇ ਸਾਲ ਚਾਲੂ ਹੋ ਜਾਵੇਗੀ।


Related News