ਨੀਰਵ ਮੋਦੀ ਦਾ ਭਰਾ 50 ਕਿਲੋ ਸੋਨੇ ਦੀ ਜਿਊਲਰੀ ਲੈ ਕੇ ਭੱਜਿਆ

05/26/2018 10:00:30 AM

ਮੁੰਬਈ — ਨੀਰਵ ਮੋਦੀ ਦਾ ਮਤਰੇਆ ਭਰਾ ਨੇਹਲ ਦੁਬਈ ਦੇ ਇਕ ਸਟੋਰ 'ਚੋਂ 50 ਕਿਲੋਗ੍ਰਾਮ ਸੋਨਾ ਲੈ ਕੇ ਭੱਜ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਸਨੂੰ ਪਤਾ ਲੱਗਾ ਕਿ ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ(ਪੀ.ਐੱਨ.ਬੀ.)  ਘਪਲੇ ਦੇ ਮਾਮਲੇ 'ਚ ਨੀਰਵ ਮੋਦੀ ਦੇ ਖਿਲਾਫ ਕੇਸ ਦਰਜ ਕੀਤਾ ਹੈ, ਉਹ ਸੋਨਾ ਲੈ ਕੇ ਭੱਜ ਗਿਆ। ਜਾਂਚ ਅਧਿਕਾਰੀਆਂ ਅਨੁਸਾਰ ਨੇਹਲ ਜਿਹੜੀ ਜਿਊਲਰੀ ਨੂੰ ਲੈ ਕੇ ਫਰਾਰ ਹੋਇਆ ਹੈ ਉਸ ਨੂੰ ਨੀਰਵ ਮੋਦੀ ਦੀ ਇਕ ਰਿਟੇਲ ਸਟੋਰ ਵਿਚ ਵੇਚਣ ਲਈ ਰੱਖਿਆ ਗਿਆ ਸੀ।
ਸੂਤਰਾਂ ਅਨੁਸਾਰ ਜਿਵੇਂ ਹੀ ਪੀ.ਐੱਨ.ਬੀ. ਸਕੈਂਡਲ ਬੇਨਕਾਬ ਹੋਇਆ, ਨੇਹਲ ਨੂੰ ਲੱਗਾ ਕਿ ਜਾਂਚ ਏਜੰਸੀਆਂ ਦੁਬਈ ਤੱਕ ਵੀ ਪਹੁੰਚ ਸਕਦੀਆਂ ਹਨ। ਇਸ ਕਾਰਨ ਨੇਹਲ ਜਿਊਲਰੀ ਨੂੰ ਸੁਰੱਖਿਅਤ ਸਥਾਨ 'ਤੇ ਲੈ ਗਿਆ। ਜ਼ਿਕਰਯੋਗ ਹੈ ਕਿ ਨੇਹਲ ਗਾਂਤਜਲੀ ਜੇਮਸ ਨਾਲ ਜੁੜਿਆ ਹੋਇਆ ਸੀ। ਪੀ.ਐੱਨ.ਬੀ. ਸਕੈਂਡਲ ਮਾਮਲੇ ਵਿਚ ਨੇਹਲ ਨੂੰ ਦੋਸ਼ੀ ਨਹੀਂ ਬਣਾਇਆ ਗਿਆ, ਪਰ ਸੂਤਰਾਂ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਇਸ ਮਾਮਲੇ 'ਚ ਮਨੀ ਲਾਂਡਰਿੰਗ ਲਈ ਉਸਦੀ ਭੂਮਿਕਾ ਦੱਸੀ ਹੈ।
ਈ.ਡੀ. ਵਿਭਾਗ ਦੁਆਰਾ ਮੁੰਬਈ ਸਥਿਤ ਵਿਸ਼ੇਸ਼ ਅਦਾਲਤ ਵਿਚ ਵੀਰਵਾਰ ਨੂੰ ਦਾਖਲ ਕੀਤੀ ਗਈ ਚਾਰਜਸ਼ੀਟ 'ਚ ਦੱਸੇ ਗਏ 24 ਦੋਸ਼ੀਆਂ ਵਿਚੋਂ ਇਕ ਨੇਹਲ ਵੀ ਹੈ। ਪੀ.ਐੱਨ.ਬੀ. ਸਕੈਂਡਲ ਮਾਮਲੇ ਵਿਚ ਪਹਿਲਾ ਕੇਸ ਦਰਜ ਹੋਣ ਦੇ ਕੁਝ ਦਿਨਾਂ ਬਾਅਦ ਹੀ ਨੀਰਵ ਮੋਦੀ ਦਾ ਪੂਰਾ ਪਰਿਵਾਰ ਭਾਰਤ ਵਿਚੋਂ ਭੱਜ ਗਿਆ ਸੀ, ਪਰ ਉਨ੍ਹਾਂ ਨੇ ਨੇਹਲ ਨੂੰ ਪੀ.ਐੱਨ.ਬੀ. ਨਾਲ ਗੱਲਬਾਤ ਕਰਨ ਲਈ ਭੇਜਿਆ ਤਾਂ ਜੋ ਉਨ੍ਹਾਂ ਨੂੰ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਕੁਝ ਹੋਰ ਸਮਾਂ ਮਿਲ ਸਕੇ। ਨੇਹਲ ਨੇ ਪੀ.ਐੱਨ.ਬੀ. ਅਧਿਕਾਰੀਆਂ ਕੋਲੋਂ ਹੋਰ ਕਰਜ਼ੇ ਦੀ ਮੰਗ ਕੀਤੀ ਸੀ ਤਾਂ ਜੋ ਪਿਛਲਾ ਉਧਾਰ ਚੁਕਾਇਆ ਜਾ ਸਕੇ। ਸੂਤਰਾਂ ਮੁਤਾਬਕ ਇਸ ਦੌਰਾਨ ਉਸਨੇ ਵਿਦੇਸ਼ੀ ਨਿਵੇਸ਼ ਅਤੇ ਆਗਾਮੀ ਆਈ.ਪੀ.ਓ. ਦੇ ਜ਼ਰੀਏ ਬਕਾਇਆ ਸੰਤੁਲਿਤ ਕਰਨ ਦਾ ਵਾਅਦਾ ਕੀਤਾ ਸੀ।


Related News