ਨਿਕੇਸ਼ ਅਰੋੜਾ ਬਣੇ ਸਭ ਤੋਂ ਵਧ ਤਨਖਾਹ ਲੈਣ ਵਾਲੇ ਸੀ.ਈ.ਓ., ਮਿਲੇਗਾ 858 ਕਰੋੜ ਦਾ ਸਾਲਾਨਾ ਪੈਕੇਜ
Wednesday, Jun 06, 2018 - 12:03 PM (IST)
 
            
            ਨਵੀਂ ਦਿੱਲੀ — ਜਾਪਾਨ ਦੀ ਮਸ਼ਹੂਰ ਟੈਲੀਕਾਮ ਕੰਪਨੀ ਸਾਫਟਬੈਂਕ ਤੋਂ ਪਿਛਲੇ ਸਾਲ ਦੁਨੀਆਂ ਦੇ ਤੀਸਰੇ ਸਭ ਤੋਂ ਵਧ ਤਨਖਾਹ ਲੈਣ ਵਾਲੇ ਸੀ.ਈ.ਓ. ਬਣਨ ਤੋਂ ਬਾਅਦ ਵਿਵਾਦਾਂ ਕਾਰਨ ਅਸਤੀਫਾ ਦੇਣ ਵਾਲੇ ਨਿਕੇਸ਼ ਅਰੋੜਾ ਮੰਗਲਵਾਰ ਨੂੰ ਅਮਰੀਕਾ ਦੀ ਪਾਲੋ ਆਲਟੋ ਨੈੱਟਵਰਕਜ਼ ਇੰਕ ਦੇ ਚੇਅਰਮੈਨ ਅਤੇ ਸੀ.ਈ.ਓ. ਬਣ ਗਏ ਹਨ। ਨਿਕੇਸ਼ ਨੂੰ ਦੁਨੀਆਂ ਦੀ ਇਸ ਸਭ ਤੋਂ ਵੱਡੀ ਸਾਈਬਰ ਸੁਰੱਖਿਆ ਸਾਫਟਵੇਅਰ ਨਿਰਮਾਤਾ ਕੰਪਨੀ ਦੇ ਸੀ.ਈ.ਓ. ਦੇ ਤੌਰ 'ਤੇ ਤਕਰੀਬਨ 858 ਕਰੋੜ ਰੁਪਏ ਦਾ ਤਨਖਾਹ ਪੈਕੇਜ ਮਿਲਿਆ ਹੈ। ਇਸ ਦੇ ਨਾਲ ਹੀ ਉਹ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ ਸੀ.ਈ.ਓ. 'ਚੋਂ ਇਕ ਬਣ ਗਏ ਹਨ।
ਸ਼ੇਅਰ ਦੀ ਕੀਮਤ ਵਧੇਗੀ ਤਾਂ ਇੰਨੀ ਮਿਲੇਗੀ ਤਨਖਾਹ
ਕਰੀਬ 19 ਬਿਲੀਅਨ ਡਾਲਰ ਦੀ ਬ੍ਰਾਂਡ ਕੀਮਤ ਵਾਲੀ ਕੈਲੀਫੋਰਨੀਆ ਸਥਿਤ ਪਾਲੋ ਆਲਟੋ ਨੈਟਵਰਕਜ਼ ਕੰਪਨੀ ਦੀ ਦੁਨੀਆ 'ਚ ਕਰੀਬ 50 ਹਜ਼ਾਰ ਕੰਪਨੀਆਂ ਵਿਚ ਹਿੱਸੇਦਾਰੀ ਹੈ ਅਤੇ ਇਸ ਵਿਚ ਕਰੀਬ 5000 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਕੰਪਨੀ ਵਲੋਂ ਸੋਮਵਾਰ ਨੂੰ ਦਰਜ ਕੀਤੀ ਗਈ ਰੈਗੂਲੇਟਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਰੀਬ 50 ਸਾਲ ਦੇ ਨਿਕੇਸ਼ ਨੂੰ ਕੰਪਨੀ ਤੋਂ ਮਿਲੇ ਕਰੀਬ 858 ਕਰੋੜ ਰੁਪਏ ਦੇ ਪੈਕੇਜ ਦੀ ਖਾਸ ਸ਼ਰਤ ਇਹ ਹੈ ਕਿ ਇੰਨੀ ਤਨਖਾਹ ਲੈਣ ਲਈ ਉਨ੍ਹਾਂ ਨੂੰ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਚਾਰ ਗੁਣਾ ਵਧਾਉਣੀ ਹੋਵੇਗੀ। ਨਿਕੇਸ਼ ਕੰਪਨੀ ਦੇ ਪਿਛਲੇ ਸੀ.ਈ.ਓ. ਅਤੇ ਚੇਅਰਮੈਨ ਮਾਰਕ ਲਾਫਲਿਨ ਦੀ ਜਗ੍ਹਾ ਲੈਣਗੇ, ਜੋ ਕਿ ਹੁਣ ਕੰਪਨੀ ਦੇ ਸੈਂਟਰਲ ਬੋਰਡ ਵਾਈਸ ਚੇਅਰਮੈਨ ਬਣ ਗਏ ਹਨ। ਲਾਫਲਿਨ 2015 'ਚ ਕੰਪਨੀ ਕੋਲੋਂ ਦੁਨੀਆਂ  ਦੇ 5ਵੇਂ ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ ਕਾਰਜਕਾਰੀ ਦੇ ਤੌਰ 'ਤੇ ਜੁੜੇ ਸਨ।
ਇਸ ਤਰ੍ਹਾਂ ਮਿਲੇਗੀ ਪੂਰੀ ਤਨਖਾਹ
- 6.7 ਕਰੋੜ ਰੁਪਏ ਸਾਲਾਨਾ ਤਨਖਾਹ ਮਿਲੇਗੀ
- 6.7 ਕਰੋੜ ਦਾ ਹੋਵੇਗਾ ਸਾਲਾਨਾ ਬੋਨਸ
- 268 ਕਰੋੜ ਰੁਪਏ ਦੇ ਸ਼ੇਅਰ ਰਹਿਣਗੇ ਉਨ੍ਹਾਂ ਦੇ ਨਾਮ 'ਤੇ 
- 07 ਸਾਲ ਤੱਕ ਇਨ੍ਹਾਂ ਸ਼ੇਅਰਾਂ ਨੂੰ ਨਹੀਂ ਵੇਚ ਸਕਣਗੇ ਨਿਕੇਸ਼
- ਨਿਕੇਸ਼ ਨੂੰ 134 ਕਰੋੜ ਰੁਪਏ ਦੇ ਕਰੀਬ 22000 ਸ਼ੇਅਰ ਆਪਣੇ ਪੈਸੇ ਨਾਲ ਖਰੀਦਣੇ ਪੈਣਗੇ। ਨਿਕੇਸ਼ ਨੂੰ 6 ਜੁਲਾਈ ਤੱਕ 443 ਕਰੋੜ ਰੁਪਏ ਦਾ ਸਟਾਕ ਆਪਸ਼ਨ ਮਿਲੇਗਾ ਉਨ੍ਹਾਂ ਨੂੰ ਕੰਪਨੀ ਦੀ ਸ਼ੇਅਰ ਕੀਮਤ 150 ਫੀਸਦੀ ਵਧਣ 'ਤੇ 04 ਗੁਣਾ ਤੱਕ ਕੰਪਨੀ ਦੀ ਕੀਮਤ ਵਧੀ ਤਾਂ ਇਹ 443 ਕਰੋੜ ਰੁਪਏ ਦਾ ਪੂਰਾ ਸਟਾਕ ਹੋ ਜਾਵੇਗਾ। ਇਸ ਤਰ੍ਹਾਂ ਨਿਕੇਸ਼ ਦਾ 858 ਕਰੋੜ ਦਾ ਸਾਲਾਨਾ ਪੈਕੇਜ ਪੂਰਾ ਹੋ ਜਾਵੇਗਾ।
ਸਾਫਟ ਬੈਂਕ ਤੋਂ ਮਿਲਿਆ ਸੀ ਦੋ ਸਾਲ ਦਾ 1946 ਕਰੋੜ ਰੁਪਿਆ
ਸਾਲ 1992 'ਚ ਆਪਣੀ ਪਹਿਲੀ ਨੌਕਰੀ ਕਰਨ ਵਾਲੇ ਨਿਕੇਸ਼ 2004 'ਚ ਗੂਗਲ ਨਾਲ ਜੁੜੇ ਸਨ। ਗੂਗਲ ਲਈ 10 ਸਾਲ ਤੱਕ ਕੰਮ ਕਰਨ ਤੋਂ ਬਾਅਦ 2014 'ਚ ਉਹ ਸਾਫਟ ਬੈਂਕ ਗਰੁੱਪ ਕਾਰਪੋਰੇਸ਼ਨ ਨਾਲ ਜੁੜ ਗਏ ਸਨ, ਜਿਥੇ ਉਨ੍ਹਾਂ ਦੀ ਹੈਸੀਅਤ ਸਾਫਟ ਬੈਂਕ ਦੇ ਸੰਸਥਾਪਕ ਮਾਸਾਯੋਸੀ ਸਨ ਤੋਂ ਬਾਅਦ ਦੂਸਰੇ ਨੰਬਰ ਦੀ ਸੀ। ਪਿਛਲੇ ਸਾਲ ਵਿਵਾਦਾਂ ਕਾਰਨ ਸਾਫਟ ਬੈਂਕ ਤੋਂ ਅਸਤੀਫਾ ਦੇਣ ਵਾਲੇ ਨਿਕੇਸ਼ ਨੂੰ ਇਸ ਦੌਰਾਨ ਕਰੀਬ 1946 ਕਰੋੜ ਰੁਪਏ ਤਨਖਾਹ ਪੈਕੇਜ ਦੇ ਤੌਰ 'ਤੇ ਮਿਲੇ ਸਨ।
ਅਮਰੀਕਾ ਵਿਚ ਪੜਨ ਲਈ ਵੇਚਣੇ ਪਏ ਸਨ ਬਰਗਰ
ਗਾਜ਼ਿਆਬਾਦ 'ਚ ਭਾਰਤੀ ਏਅਰਫੋਰਸ ਦੇ ਅਧਿਕਾਰੀ ਘਰ ਜਨਮ ਲੈਣ ਵਾਲੇ ਨਿਕੇਸ਼ ਨੇ 1989 'ਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਬੀ.ਟੈੱਕ. ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵਿਚ ਪੜ੍ਹਾਈ ਕਰਨ ਲਈ ਪਿਤਾ ਕੋਲੋਂ ਉਧਾਰ ਦੇ ਤੌਰ 'ਤੇ 75 ਹਜ਼ਾਰ ਰੁਪਏ ਲਏ ਸਨ। ਆਪਣੀ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਖਰਚਾ ਪੂਰਾ ਕਰਨ ਲਈ ਬਰਗਰ ਵੇਚਣੇ ਪਏ ਅਤੇ ਸੁਰੱਖਿਆ ਗਾਰਡ ਦੀ ਨੌਕਰੀ ਵਰਗੇ ਕੰਮ ਵੀ ਕਰਨੇ ਪਏ ਸਨ। ਅਮਰੀਕਾ ਦੇ ਬੋਸਟਨ ਕਾਲਜ ਤੋਂ ਡਿਗਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਉਥੋਂ ਦੀ ਨਾਰਥ ਇਸਟਰਨ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕੀਤਾ। ਇਸ ਤੋਂ ਬਾਅਦ ਉਹ ਚਾਰਟਡ ਵਿੱਤ ਅਨਾਲਿਸਟ(ਸੀ.ਐੱਫ.ਏ.) ਵੀ ਬਣੇ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            