ਨਵਜੋਤ ਸਿੱਧੂ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਕਾਲੀਆਂ ਦੇ ਮੂੰਹ ''ਤੇ ਕਰਾਰੀ ਚਪੇੜ : ਸੰਜੀਵ, ਪ੍ਰਿੰਸ, ਹੈਪੀ

05/16/2018 12:44:57 PM

ਪਟਿਆਲਾ (ਪਰਮੀਤ)—ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰਨ ਬਾਰੇ ਕੀਤਾ ਗਿਆ ਫੈਸਲਾ ਅਕਾਲੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜੋ ਹਮੇਸ਼ਾ ਕਾਂਗਰਸ ਪਾਰਟੀ ਬਾਰੇ ਕੂੜ-ਪ੍ਰਚਾਰ ਕਰਦੇ ਰਹਿੰਦੇ ਹਨ। ਇਹ ਪ੍ਰਗਟਾਵਾ ਨਗਰ ਨਿਗਮ ਦੇ ਕੌਂਸਲਰ ਸੰਜੀਵ ਸ਼ਰਮਾ, ਕੌਂਸਲਰ ਰਵੀ ਕੁਲਭੂਸ਼ਣ ਪ੍ਰਿੰਸ ਤੇ ਕੌਂਸਲਰ ਹੈਪੀ ਸ਼ਰਮਾ ਨੇ ਕੀਤਾ। ਇਥੇ ਨਵੇਂ ਨਿਯੁਕਤ ਤਹਿਸੀਲਦਾਰ ਸੰਜੀਵ ਸ਼ਰਮਾ ਨੂੰ ਸਨਮਾਨਤ ਕਰਨ ਮਗਰੋਂ ਗੱਲਬਾਤ ਕਰਦਿਆਂ ਤਿੰਨਾਂ ਕੌਂਸਲਰਾਂ ਨੇ ਆਖਿਆ ਕਿ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਬਰੀ ਕਰਨਾ ਇਨਸਾਫ ਦੀ ਜਿੱਤ ਹੈ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਇਕ ਸੱਚੇ-ਸੁੱਚੇ ਆਗੂ ਨੂੰ ਕੂੜ-ਪ੍ਰਚਾਰ ਦੇ ਸਿਰ 'ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਿਛਲੇ ਕਾਫੀ ਦਿਨਾਂ ਤੋਂ ਸ਼੍ਰੀ ਸਿੱਧੂ ਦੇ ਜੇਲ ਜਾਣ ਦੀ ਭਵਿੱਖਬਾਣੀ ਕਰ ਰਿਹਾ ਸੀ। ਹੁਣ ਨਾ ਸਿਰਫ ਭਵਿੱਖਬਾਣੀ ਗਲਤ ਸਾਬਤ ਹੋਈ ਹੈ, ਬਲਕਿ ਹੁਣ ਗੈਰ-ਕਾਨੂੰਨੀ ਕੰਮ-ਧੰਦੇ ਕਰਨ ਵਾਲੇ ਅਕਾਲੀਆਂ ਨੂੰ ਜੇਲ ਭੇਜਣ ਦਾ ਸਮਾਂ ਆ ਗਿਆ ਹੈ। 
ਤਿੰਨਾਂ ਕੌਂਸਲਰਾਂ ਨੇ ਆਖਿਆ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਾਫ-ਸੁਥਰਾ ਪ੍ਰਸ਼ਾਸਨ ਦੇ ਰਹੀ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਟਿਆਲਾ ਸ਼ਹਿਰ ਵਿਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਹਨ ਜੋ ਕੂੜ-ਪ੍ਰਚਾਰ ਕਰਨ ਵਾਲੇ ਅਕਾਲੀਆਂ ਦਾ ਮੂੰਹ ਬੰਦ ਕਰ ਰਹੇ ਹਨ। ਇਸ ਮੌਕੇ ਤਹਿਸੀਲਦਾਰ ਸੰਜੀਵ ਸ਼ਰਮਾ ਨੇ ਉਨ੍ਹਾਂ ਦਾ ਸਨਮਾਨ ਕਰਨ ਲਈ ਤਿੰਨਾਂ ਕੌਂਸਲਰਾਂ ਦਾ ਧੰਨਵਾਦ ਕੀਤਾ।


Related News