ਸਵੱਛ ਮੁਹਿੰਮ ਦੀ ਨਿਕਲੀ ਫੂਕ, ਵਾਰਡ ਨੰ. 5 ''ਚ ਲੱਗੇ ਕੂੜੇ ਦੇ ਢੇਰ
Tuesday, Jun 05, 2018 - 01:38 AM (IST)

ਗੋਨਿਆਣਾ(ਗੋਰਾ ਲਾਲ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਾਫ-ਸੁਥਰਾ ਬਣਾਉਣ ਲਈ ਸਵੱਛ ਮੁਹਿੰਮ ਨੂੰ ਜ਼ੋਰਾਂ ਸ਼ੋਰਾ ਨਾਲ ਚਲਾਇਆ ਜਾ ਰਿਹਾ ਹੈ ਤੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਤੇ ਇਥੋਂ ਤੱਕ ਕਈ ਸ਼ਹਿਰਾਂ ਨੂੰ ਕਲੀਨ ਸਿਟੀ ਵਜੋਂ ਵੀ ਦਰਜਾ ਮਿਲਿਆ ਹੋਇਆ ਹੈ ਪਰ ਇਸ ਦੇ ਉਲਟ ਜ਼ਿਲਾ ਬਠਿੰਡਾ 'ਚ ਪੈਂਦੀ ਗੋਨਿਆਣਾ ਮੰਡੀ 'ਚ ਸਵੱਛ ਮੁਹਿੰਮ ਕੋਸੋਂ ਦੂਰ ਹੈ, ਜਿਸ ਵੱਲ ਸਥਾਨਕ ਨਗਰ ਕੌਂਸਲ ਦੇ ਅਧਿਕਾਰੀ ਤੇ ਨਗਰ ਕੌਂਸਲ ਪ੍ਰਧਾਨ ਅੱਖਾਂ ਬੰਦ ਕਰੀ ਬੈਠੇ ਹਨ। ਸ਼ਹਿਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਵਾਰਡ ਨੰ 5 ਦੇ ਵਾਸੀ ਵਿਵੇਕ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਦੁਕਾਨ ਪੰਚਾਇਤੀ ਧਰਮਸ਼ਾਲਾ ਦੇ ਸਾਹਮਣੇ ਹੈ, ਜਿਥੇ ਨਗਰ ਕੌਂਸਲ ਦੁਆਰਾ ਕੂੜੇ ਦਾ ਢੇਰ ਲਾਇਆ ਜਾਂਦਾ ਹੈ। ਹੋਰ ਤਾਂ ਹੋਰ ਜਿਸ ਜਗ੍ਹਾ 'ਤੇ ਕੂੜੇ ਦਾ ਢੇਰ ਲਾਇਆ ਜਾਂਦਾ ਹੈ ਉਹ ਜਗ੍ਹਾ ਕਿਸੇ ਦੀ ਨਿੱਜੀ ਪ੍ਰਾਪਰਟੀ ਹੈ ਪਰ ਪ੍ਰਾਪਰਟੀ ਮਾਲਕ ਵੱਲੋਂ ਦਖ਼ਲ-ਅੰਦਾਜ਼ੀ ਨਾ ਹੋਣ ਕਾਰਨ ਕੌਂਸਲ ਦੁਆਰਾ ਇਹ ਕੰਮ ਹਰ ਰੋਜ਼ ਕੀਤਾ ਜਾ ਰਿਹਾ ਹੈ। ਕੂੜੇ ਦੇ ਲੱਗੇ ਢੇਰਾਂ 'ਤੇ ਅਨੇਕਾਂ ਆਵਾਰਾ ਪਸ਼ੂ ਝੁੰਡ ਬਣਾ ਕੇ ਖੜ੍ਹੇ ਰਹਿੰਦੇ ਹਨ, ਜੋ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਉਕਤ ਨੌਜਵਾਨ ਮੁਹੱਲਾ ਨਿਵਾਸੀ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਕਈ ਵਾਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਹੈ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਕ ਪਾਸੇ ਤਾਂ ਸਰਕਾਰ ਸਵੱਛ ਭਾਰਤ ਦਾ ਰਾਗ ਅਲਾਪ ਰਹੀ ਹੈ ਤੇ ਦੂਜੇ ਪਾਸੇ ਖੁਦ ਹੀ ਰਿਹਾਇਸ਼ੀ ਇਲਾਕੇ 'ਚ ਕੂੜਾ ਸੁੱਟ ਕੇ ਆਲੇ-ਦੁਆਲੇ ਦੇ ਨਾਗਰਿਕਾਂ ਦੀ ਜਾਨ ਨੂੰ ਖ਼ਤਰੇ 'ਚ ਪਾ ਰਹੀ ਹੈ। ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀ ਦੁਆਰਾ ਕੋਈ ਕਾਰਵਾਈ ਨਾ ਹੁੰਦੀ ਦੇਖ ਉਕਤ ਮੁਹੱਲਾ ਨਿਵਾਸੀ ਨੇ ਮੁੱਖ ਮੰਤਰੀ ਪੰਜਾਬ, ਸੈਂਟਰ ਦੇ ਹੈਲਥ ਵਿਭਾਗ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਚੀਫ ਸੈਕਟਰੀ ਪੰਜਾਬ, ਡਿਪਟੀ ਕਮਿਸ਼ਨਰ ਬਠਿੰਡਾ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਨਗਰ ਕੌਂਸਲ ਗੋਨਿਆਣਾ ਨੂੰ ਈ-ਮੇਲ ਕਰਦਿਆਂ ਨਗਰ ਕੌਂਸਲ ਉੱਤੇ ਗੈਰ-ਜ਼ਿੰਮੇਦਾਰਾਨਾ ਰਵੱਈਏ ਕਾਰਨ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਉਕਤ ਰਿਹਾਇਸ਼ੀ ਇਲਾਕੇ ਤੋਂ ਇਲਾਵਾ ਸ਼ਹਿਰ ਦੀ ਮਾਲ ਰੋਡ 'ਤੇ ਸ਼ਹਿਰ ਦੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਦੇ ਨਜ਼ਦੀਕ ਹਰ ਪਲ ਕੂੜੇ ਦੇ ਢੇਰਾਂ 'ਤੇ ਆਵਾਰਾ ਪਸ਼ੂ ਗੰਦਗੀ 'ਚ ਮੂੰਹ ਮਾਰ ਕੇ ਕੂੜੇ ਦੇ ਢੇਰਾਂ ਨੂੰ ਇਧਰ-ਉਧਰ ਖਿਲਾਰਦੇ ਆਮ ਦੇਖੇ ਜਾ ਸਕਦੇ ਹਨ। ਧਾਰਮਿਕ ਅਸਥਾਨ ਹੋਣ ਕਾਰਨ ਹਰ ਵੇਲੇ ਸ਼ਰਧਾਲੂਆਂ ਨੂੰ ਇਥੋਂ ਲੰਘਣ 'ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਕਹਿਣਾ ਹੈ ਨਗਰ ਕੌਂਸਲ ਦੇ ਸਫਾਈ ਇੰਚਾਰਜ ਦਾ
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਸਫਾਈ ਇੰਚਾਰਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਧਰਮਸ਼ਾਲਾ ਕੋਲ ਗਲੀਆਂ-ਮੁਹੱਲਿਆਂ ਤੋਂ ਰੇਹੜੀਆਂ ਰਾਹੀਂ ਕੂੜਾ ਇਕੱਠ ਕਰਨ ਵਾਲੇ ਕੂੜਾ ਆਰਜ਼ੀ ਤੌਰ 'ਤੇ ਡੰਪ ਕਰਦੇ ਸਨ, ਉਨ੍ਹਾਂ ਨੂੰ ਉਥੇ ਕੂੜਾ ਡੰਪ ਕਰਨ ਲਈ ਰੋਕ ਦਿੱਤਾ ਗਿਆ ਹੈ। ਸ਼ੀਤਲਾ ਮਾਤਾ ਮੰਦਰ ਕੋਲ ਬਣੇ ਕੂੜੇ ਦੇ ਡੰਪ ਕੋਲ ਚਾਰਦੀਵਾਰੀ ਕੀਤੀ ਜਾਵੇਗੀ ਤਾਂ ਕੂੜਾ ਬਾਹਰ ਨਾ ਖਿੱਲਰੇ ਤੇ ਨਾ ਹੀ ਆਵਾਰਾ ਪਸ਼ੂ ਉਥੇ ਆ ਸਕਣ ਤੇ ਜਲਦ ਹੀ ਕਿਸੇ ਹੋਰ ਜਗ੍ਹਾ ਦਾ ਇੰਤਜ਼ਾਮ ਕਰ ਕੇ ਇਸ ਡੰਪ ਨੂੰ ਉਥੇ ਬਦਲ ਦਿੱਤਾ ਜਾਵੇਗਾ ।
ਕੀ ਕਹਿਣਾ ਹੈ ਨਗਰ ਕੌਂਸਲ ਦੇ ਪ੍ਰਧਾਨ ਦਾ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਫਾਈ ਇੰਚਾਰਜ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਕਿ ਫੌਰੀ ਤੌਰ 'ਤੇ ਦੋਵਾਂ ਥਾਵਾਂ 'ਤੇ ਕੂੜੇ ਦੀ ਸਮੱਸਿਆ ਸਬੰਧੀ ਇਲਾਕਾ ਵਾਸੀਆਂ ਨੂੰ ਨਿਜਾਤ ਦਿਵਾਈ ਜਾਵੇ।