ਮਨਰੇਗਾ ਮੁਲਾਜ਼ਮਾਂ ਨੇ ਆਊਟ ਸੋਰਸਿੰਗ ਖਿਲਾਫ ਮੰਤਰੀ ਦੀ ਕੋਠੀ ਵੱਲ ਕੱਢਿਆ ਰੋਸ ਮਾਰਚ

05/16/2018 5:00:01 AM

ਸੰਗਰੂਰ,   (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)–  ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਅਧੀਨ ਪਿਛਲੇ 9 ਸਾਲਾਂ ਤੋਂ ਮਨਰੇਗਾ ਅਧੀਨ ਨੌਕਰੀ ਕਰ ਰਹੇ ਕਰਮਚਾਰੀਆਂ ਨੇ ਜ਼ਿਲੇ ’ਚ ਕੀਤੀ ਜਾ ਰਹੀ ਛਾਂਟੀ ਅਤੇ ਚਹੇਤਿਆਂ ਨੂੰ ਆਊਟਸੋਰਸਿੰਗ ’ਤੇ ਭਰਤੀ ਕਰਨ  ਖਿਲਾਫ ਸੂਬਾ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਅਤੇ ਜ਼ਿਲਾ ਪ੍ਰਧਾਨ ਸੰਜੀਵ ਕੁਮਾਰ ਕਾਕਡ਼ਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਵੱਲ ਮਾਰਚ ਕੀਤਾ। 
ਜ਼ਿਲਾ ਪ੍ਰਧਾਨ ਸੰਜੀਵ ਕੁਮਾਰ ਨੇ ਇਸ ਮੌਕੇ ਦੱਸਿਆ ਕਿ  ਸਰਕਾਰ ਦੀ ਮਿਲੀਭੁਗਤ ਨਾਲ ਪਿਛਲੇ ਲੰਮੇ ਸਮੇਂ ਤੋਂ ਏ. ਪੀ. ਓ. ਦੀ ਅਸਾਮੀ ’ਤੇ ਕੰਮ ਕਰ ਰਹੀ ਜਸਵੀਰ ਕੌਰ ਦੇ ਕੰਟਰੈਕਟਰ ’ਚ ਵਾਧਾ ਕਰਨ ਤੋਂ ਸਾਫ਼ ਇਨਕਾਰ ਕੀਤਾ ਗਿਆ ਹੈ ਜਦੋਂ ਕਿ 11/5/18 ਨੂੰ ਅਫ਼ਸਰਾਂ ਦੀ ਮਿਲੀਭੁਗਤ ਨਾਲ ਬਲਾਕ ਸੰਗਰੂਰ ਅਤੇ ਭਵਾਨੀਗਡ਼੍ਹ ਵਿਖੇ ਆਊਟਸੋਰਸਿੰਗ ’ਤੇ 4 ਮੁਲਾਜ਼ਮ ਸਿਫਾਰਸ਼ੀ ਕੋਟੇ ’ਚੋਂ ਚੁੱਪ-ਚੁਪੀਤੇ ਭਰਤੀ ਕਰ ਲਏ ਗਏ ਹਨ, ਜਿਸ ਦਾ ਮਨਰੇਗਾ ਕਰਮਚਾਰੀ ਯੂਨੀਅਨ ਸਖਤੀ ਨਾਲ ਵਿਰੋਧ ਕਰਦੀ ਹੈ। 
ਸੂਬਾ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਨੇ ਦੋਸ਼ ਲਾਇਆ ਕਿ ਸਾਜ਼ਿਸ਼ ਤਹਿਤ ਜ਼ਿਲੇ ਅੰਦਰ ਆਊਟ ਸੋਰਸਿੰਗ ਰਾਹੀਂ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਆਪਣੀਆਂ ਹੱਕੀ ਮੰਗਾਂ ਲਈ ਧਰਨੇ ’ਤੇ ਬੈਠੇ ਮਨਰੇਗਾ ਕਰਮਚਾਰੀਆਂ ਦੇ ਸੰਘਰਸ਼  ਨੂੰ ਕਮਜ਼ੋਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਮਾਣਯੋਗ ਮੰਤਰੀ  ਸਾਹਿਬ ਨਾਲ ਦੋ ਅਤੇ ਏ. ਡੀ. ਸੀ. ਵਿਕਾਸ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਲਾਰਿਆਂ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ। 
 


Related News