ਬਲਾਕ ਸੁਰਸਿੰਘ ਦੇ ਲੋਕਾਂ ਨੇ ਸ਼ਰਾਰਤੀ ਅਨਸਰਾਂ ਦੇ ਪ੍ਰਚਾਰ ਦਾ ਕੀਤਾ ਵਿਰੋਧ : ਡਾ. ਹਰਜੋਤ

05/15/2018 1:54:32 PM

ਸੁਰਸਿੰਘ/ਭਿੱਖੀਵਿੰਡ (ਗੁਰਪ੍ਰੀਤ ਢਿੱਲੋ ) : ਬਲਾਕ ਸੁਰਸਿੰਘ ਦੇ ਸਮੂਹ ਪਿੰਡਾਂ ਦੇ ਲੋਕਾਂ ਨੇ ਮੀਜ਼ਲ ਰੁਬੈਲਾ ਟੀਕਾਕਰਨ ਮੁਹਿੰਮ ਖਿਲਾਫ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਝੂਠੇ ਪ੍ਰਚਾਰ ਨੂੰ ਨਕਾਰ ਕੇ ਇਸ ਮੁਹਿੰਮ ਨੂੰ ਤਕੜਾ ਹੁਲਾਰਾ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਸਥਾਨਕ ਸੀ. ਐੱਚ. ਸੀ. ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੰਵਰ ਹਰਜੋਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਬਲਾਕ 'ਚ 1476 ਬੱਚਿਆਂ ਨੂੰ ਟੀਕੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲਗਾਤਾਰ ਲੋਕਾਂ ਨੂੰ ਇਸ ਟੀਕੇ ਸਬੰਧੀ ਜਾਗਰੂਕ ਕੀਤੇ ਜਾਣ ਦੀ ਮੁਹਿੰਮ ਦਾ ਅਸਰ ਪੂਰੇ ਜ਼ਿਲੇ 'ਚ ਪੂਰੀ ਤਰ੍ਹਾਂ ਦਿਖਾਈ ਦੇਣ ਲੱਗਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ ਹਰ ਦਿਨ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਸੁਰਸਿੰਘ ਅਧੀਨ ਸੈਕਟਰ ਵਾਇਜ ਬਣਾਈਆਂ ਗਈਆਂ ਟੀਮਾਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਬੇਸ਼ੱਕ ਇਸ ਮੁਹਿੰਮ ਦਾ ਪਹਿਲਾਂ ਪੜਾਅ 15 ਦਿਨ 'ਚ ਮੁਕੰਮਲ ਕੀਤਾ ਜਾਣਾ ਸੀ ਪਰ ਗੁੰਮਰਾਹਕੁਨ ਪ੍ਰਚਾਰ ਕਾਰਨ ਪਹਿਲਾਂ ਜੋ ਸਕੂਲ ਮੁਹਿੰਮ ਤੋਂ ਪਿੱਛੇ ਹੱਟ ਗਏ ਸਨ, ਹੁਣ ਉਹ ਭਰਪੂਰ ਸਹਿਯੋਗ ਦੇ ਰਹੇ ਹਨ। ਇਸ ਲਈ ਹੀ ਇਸ ਪੜਾਅ ਨੂੰ ਹੋਰ ਵਧਾ ਦਿੱਤਾ ਗਿਆ ਹੈ।
ਇਸ ਮੌਕੇ ਬਲਾਕ ਨੋਡਲ ਅਫਸਰ ਡਾਕਟਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਹਿਣਾ ਬਿਲਕੁੱਲ ਸਹੀਂ ਨਹੀਂ ਹੈ ਕਿ ਇਹ ਟੀਕਾ ਕਿਸੇ ਜਾਤੀ ਵਿਸ਼ੇਸ਼ ਲਈ ਬਣਾਇਆ ਗਿਆ ਹੈ। ਉੁਨ੍ਹਾਂ ਦੱਸਿਆ ਕਿ ਟੀਕੇ ਦੀ ਇਕ ਵਾਇਲ (ਸ਼ੀਸ਼ੀ) 'ਚੋਂ 10 ਬੱਚਿਆਂ ਨੂੰ ਟੀਕਾ ਲੱਗਣਾ ਹੁੰਦਾ ਹੈ। ਜਿਸ ਸਮੇਂ ਸਿਹਤ ਵਿਭਾਗ ਦੀ ਟੀਮ ਕਦੇ ਵੀ ਇਹ ਨਹੀਂ ਦੇਖਦੀ ਕਿ ਟੀਕਾ ਕਿਸ ਜਾਤ ਜਾਂ ਧਰਮ ਦੇ ਬੱਚੇ ਨੂੰ ਲੱਗ ਰਿਹਾ ਹੈ। ਇਸ ਮੋਕੇ ਹੋਰਨਾਂ ਤੋਂ ਇਲਾਵਾ ਐੱਸ. ਆਈ. ਹਰਮੇਸ਼ ਚੰਦਰ, ਇੰਦਰ ਮੋਹਨ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ, ਐਲ.ਐਚ.ਵੀ. ਅਮਰਜੀਤ ਕੌਰ, ਜੁਗਰਾਜ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ, ਦਰਸ਼ਨਾ ਦੇਵੀ ਅਤੇ ਸਮੂਹ ਏ. ਐੱਨ. ਐੈੱਮ. ਆਦਿ ਹਾਜ਼ਰ ਸਨ।

 


Related News