ਟਰੰਪ ਨੂੰ ਮਿਲਣ ਲਈ ਕਾਹਲੇ ਕਿਮ ਨੇ ਕੀਤਾ ਇਹ ਵੱਡਾ ਐਲਾਨ

Sunday, May 13, 2018 - 03:36 AM (IST)

ਟਰੰਪ ਨੂੰ ਮਿਲਣ ਲਈ ਕਾਹਲੇ ਕਿਮ ਨੇ ਕੀਤਾ ਇਹ ਵੱਡਾ ਐਲਾਨ

ਸਿਓਲ — ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਹ 2 ਹਫਤਿਆਂ ਦੇ ਅੰਦਰ ਵਿਦੇਸ਼ੀ ਪੱਤਰਕਾਰਾਂ ਦੀ ਮੌਜੂਦਗੀ 'ਚ ਆਪਣੇ ਪ੍ਰਮਾਣੂ ਪ੍ਰੀਖਣ ਵਾਲੀਆਂ ਥਾਂਵਾਂ ਨੂੰ ਤਬਾਹ ਕਰਨਾ ਸ਼ੁਰੂ ਕਰੇਗਾ। ਸ਼ਨੀਵਾਰ ਨੂੰ ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਖਬਰ ਦਿੱਤੀ ਕਿ ਉੱਤਰ ਕੋਰੀਆ ਨੇ ਕਿਹਾ ਹੈ ਕਿ ਉਹ 23 ਤੋਂ 25 ਮਈ ਵਿਚਾਲੇ ਇਨ੍ਹਾਂ ਥਾਂਵਾਂ ਨੂੰ ਤਬਾਹ ਕਰਨ ਲਈ 'ਤਕਨੀਕੀ ਕਦਮ' ਚੁੱਕ ਰਿਹਾ ਹੈ।
ਇਸ ਤੋਂ ਪਹਿਲਾਂ ਬੀਤੇ ਸਾਲ ਸਤੰਬਰ 'ਚ ਵਿਗਿਆਨਕਾਂ ਨੇ ਕਿਹਾ ਸੀ ਕਿ ਦੇਸ਼ ਦੀ ਪ੍ਰਮਾਣੂ ਪ੍ਰੀਖਣ ਵਾਲੀ ਥਾਂ ਦਾ ਕੁਝ ਹਿੱਸਾ ਤਬਾਹ ਹੋ ਗਿਆ ਹੈ। ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਕਰੀਬ 3 ਹਫਤੇ ਪਹਿਲਾਂ ਉੱਤਰ ਕੋਰੀਆ ਇਸ ਕੰਮ ਨੂੰ ਅੰਜ਼ਾਮ ਦੇ ਦੇਵੇਗਾ। ਪੁੰਗੇਰੀ ਪਹਾੜੀ 'ਚ ਮੌਜੂਦ ਪ੍ਰਮਾਣੂ ਥਾਂ ਨੂੰ ਤਬਾਹ ਕਰਨ ਦੀ ਸਹੀ ਤਰੀਕ ਮੌਸਮ 'ਤੇ ਨਿਰਭਰ ਕਰੇਗੀ ਕਿਉਂਕਿ ਇਸ ਦਿਨ ਧਮਾਕਿਆਂ ਦੇ ਇਸਤੇਮਾਲ ਨਾਲ ਸਾਰੀਆਂ ਸੁਰੰਗਾਂ ਨੂੰ ਤਬਾਹ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਉਥੇ ਮੌਜੂਦ ਨਿਗਰਾਨੀ ਵਿਵਸਥਾ, ਖੋਜ ਵਿਵਸਥਾ ਅਤੇ ਸੁਰੱਖਿਆ ਚੌਂਕੀਆਂ ਨੂੰ ਵੀ ਹਟਾਇਆ ਜਾਵੇਗਾ।

PunjabKesari


ਇਸ ਅਹਿਮ ਤਰੀਕ ਦਾ ਗਵਾਹ ਬਣਨ ਲਈ ਦੱਖਣ ਕੋਰੀਆ, ਰੂਸ, ਅਮਰੀਕਾ, ਚੀਨ ਅਤੇ ਬ੍ਰਿਟੇਨ ਤੋਂ ਪੱਤਰਕਾਰਾਂ ਨੂੰ ਵੀ ਬੁਲਾਇਆ ਜਾਵੇਗਾ। ਸ਼ਨੀਵਾਰ ਨੂੰ ਉੱਤਰ ਕੋਰੀਆ ਨੇ ਇਕ ਬਿਆਨ ਜਾਰੀ ਕਰ ਕਿਹਾ, 'ਅਸੀਂ ਇਸ ਥਾਂ ਨੂੰ ਤਬਾਹ ਕਰ ਰਹੇ ਹਾਂ ਅਤੇ ਇਹ ਸਭ ਕੁਝ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇਗਾ। ਇਹੀ ਦਿਖਾਉਣ ਲਈ ਅਸੀਂ ਸਥਾਨਕ ਪ੍ਰੈਸ ਦੇ ਨਾਲ ਵਿਦੇਸ਼ਾਂ ਤੋਂ ਵੀ ਪੱਤਰਕਾਰਾਂ ਨੂੰ ਬੁਲਾਵਾਂਗੇ ਤਾਂ ਜੋਂ ਉਹ ਇਸ ਨੂੰ ਦੇਖ ਸਕਣ।' ਟਰੰਪ ਅਤੇ ਕਿਮ ਜੋਂਗ ਓਨ ਦੀ ਮੁਲਾਕਾਤ 12 ਜੂਨ ਨੂੰ ਸਿੰਗਾਪੁਰ 'ਚ ਹੋਣੀ ਤੈਅ ਹੈ। ਦੋਹਾਂ ਲਈ ਇਕ ਦੂਜੇ ਨਾਲ ਮੁਲਾਕਾਤ ਦਾ ਇਹ ਪਹਿਲਾ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਦੌਰਾਨ ਉੱਤਰ ਕੋਰੀਆ ਦੇ ਹਥਿਆਰਾਂ ਦੇ ਪ੍ਰੋਗਰਾਮ ਦੇ ਸਬੰਧ 'ਚ ਗੱਲ ਹੋਵੇਗੀ। ਅਮਰੀਕਾ ਚਾਹੁੰਦਾ ਹੈ ਕਿ ਮੁਲਾਕਾਤ ਤੋਂ ਪਹਿਲਾਂ ਉੱਤਰ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਲਾ ਇਸ ਨੂੰ ਤਬਾਹ ਕਰ ਦੇਵੇ।
ਉੱਤਰ ਕੋਰੀਆ ਨੇ ਸਾਲ 2006 ਤੋਂ ਲੈ ਕੇ ਹੁਣ ਤੱਕ ਕੁਲ 6 ਪ੍ਰਮਾਣੂ ਪ੍ਰੀਖਣ ਕੀਤੇ ਹਨ ਅਤੇ ਜ਼ਿਕਰਯੋਗ ਹੈ ਕਿ ਹਰ ਵਾਰ ਉਸ ਨੇ ਇਸ ਦੇ ਲਈ ਪੁੰਗੇਰੀ ਪਹਾੜੀ 'ਚ ਬਣੀ ਇਕ ਥਾਂ ਦਾ ਇਸਤੇਮਾਲ ਕੀਤਾ ਹੈ। ਉੱਤਰ ਕੋਰੀਆ ਦੇ ਉੱਤਰ-ਪੂਰਬੀ ਦੀਆਂ ਪਹਾੜੀਆਂ 'ਚ ਮੌਜੂਦ ਇਹ ਥਾਂ ਪ੍ਰਮਾਣੂ ਪ੍ਰੀਖਣ ਲਈ ਦੇਸ਼ ਦੀ ਸਭ ਤੋਂ ਅਹਿਮ ਥਾਂ ਹੈ ਅਤੇ ਦੁਨੀਆ ਦਾ ਇਕੋਂ ਐਕਟਿਵ ਪ੍ਰਮਾਣੂ ਪ੍ਰੀਖਣ ਵਾਲੀ ਥਾਂ ਵੀ ਹੈ। ਪੁੰਗੇਰੀ ਕੋਲ ਮਾਊਂਟ ਮਨਟਾਪ ਹੇਠਾਂ ਬਣੀਆਂ ਸੁਰੰਗਾਂ 'ਚ ਪ੍ਰਮਾਣੂ ਪ੍ਰੀਖਣ ਕਰਦਾ ਹੈ। 3 ਸਤੰਬਰ ਨੂੰ ਹੋਏ ਪ੍ਰੀਖਣ ਤੋਂ ਪਹਿਲਾਂ ਅਗਸਤ 'ਚ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਦੇ ਆਧਾਰ 'ਤੇ ਕੁਝ ਜਾਣਕਾਰੀਆਂ ਦਾ ਕਹਿਣਾ ਸੀ ਕਿ ਇਸ ਥਾਂ ਨੂੰ ਪ੍ਰੀਖਣ ਲਈ ਤਿਆਰ ਕੀਤਾ ਜਾ ਰਿਹਾ ਸੀ।


Related News