ਜਦੋਂ ਪੰਜਾਬ ਦੇ ਨਵੇਂ ਜੇਲ ਮੰਤਰੀ ਨੂੰ ਆਇਆ ''ਕੈਦੀ'' ਦਾ ਫੋਨ...

04/26/2018 9:05:27 AM

ਚੰਡੀਗੜ੍ਹ : ਨਵੇਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੇਲਾਂ 'ਚੋਂ ਕੈਦੀਆਂ ਦੇ ਫੋਨ ਆਉਣੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨਾਲ ਜੇਲਾਂ 'ਚ ਹੀ ਕੈਦੀਆਂ ਵਲੋਂ ਫੋਨ ਦੇ ਇਸਤੇਮਾਲ ਦੇ ਦੋਸ਼ 'ਤੇ ਇਕ ਵਾਰ ਫਿਰ ਮੋਹਰ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫੋਨ ਕਰਨ ਵਾਲੇ ਕੈਦੀ ਨੇ ਜੇਲ ਮੰਤਰੀ ਰੰਧਾਵਾ ਨੂੰ ਦੱਸਿਆ ਕਿ ਜੇਲਾਂ ਦੇ ਹਾਲਾਤ ਬਹੁਤ ਬੁਰੇ ਹਨ ਅਤੇ ਇਨ੍ਹਾਂ 'ਚ ਸੁਧਾਰ ਦੀ ਲੋੜ ਹੈ। ਉਸ ਨੇ ਜੇਲ ਮੰਤਰੀ ਨੂੰ ਕਿਹਾ ਕਿ ਤੁਸੀਂ ਹੀ ਇਸ ਦਾ ਸੁਧਾਰ ਕਰ ਸਕਦੇ ਹੋ ਅਤੇ ਇਸ ਲਈ ਇਕ ਨੀਤੀ ਬਣਾਓ ਤਾਂ ਜੋ ਕੈਦੀਆਂ ਨਾਲ ਭੇਦਭਾਵ ਨਾ ਹੋਵੇ, ਬੈਰਕਾਂ ਨਾ ਵਿਕਣ ਅਤੇ ਜੇਲਾਂ ਨਸ਼ਾਮੁਕਤ ਹੋਣ। ਜੇਲ ਮੰਤਰੀ ਰੰਧਾਵਾ ਨੇ ਕਿਹਾ ਕਿ ਉਹ ਉਸ ਕੈਦੀ 'ਤੇ ਕਾਰਵਾਈ ਕਰਨ ਦੀ ਬਜਾਏ ਜੇਲਾਂ 'ਚ ਸੁਧਾਰ ਕਰਨਾ ਚਾਹੁਣਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਡੀ ਸਮੱਸਿਆ ਜੇਲਾਂ 'ਚ ਬੈਠ ਕੇ ਕ੍ਰਾਈਮ ਕਰਨਾ ਹੈ। ਉਹ ਮੰਨਦੇ ਹਨ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਜੇਲਾਂ ਦਾ ਸੁਧਾਰ ਕਰਨਾ ਹੈ ਅਤੇ ਜੇਕਰ ਜੇਲਾਂ ਦਾ ਸੁਧਾਰ ਹੋ ਗਿਆ ਤਾਂ ਸਮਝੋ ਕਿ ਪੰਜਾਬ 'ਚ ਅੱਧਾ ਕ੍ਰਾਈਮ ਘੱਟ ਹੋ ਗਿਆ। 
ਅਪਰਾਧੀ ਸਿਰਫ ਅਪਰਾਧੀ ਲੱਗੇ, ਹੀਰੋ ਨਹੀਂ
ਜੇਲ ਮੰਤਰੀ ਰੰਧਾਵਾ ਨੇ ਬੁੱਧਵਾਰ ਸਵੇਰੇ ਕੇਂਦਰੀ ਸੁਧਾਰ ਘਰ ਪਟਿਆਲਾ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਲਾਂ 'ਚ ਮੋਬਾਇਲਾਂ ਦੀ ਦੁਰਵਰਤੋਂ ਰੋਕਣ ਲਈ ਜੈਮਰ ਨੂੰ 3ਜੀ ਤੋਂ 4ਜੀ ਅਪਗ੍ਰੇਡ ਕਰਨ ਸਬੰਧੀ ਕੇਂਦਰ ਤੋਂ ਮਨਜ਼ੂਰੀ ਲਈ ਜਾ ਰਹੀ ਹੈ। ਰੰਧਾਵਾ ਨੇ ਕਿਹਾ ਕਿ ਅਪਰਾਧੀ ਸਿਰਫ ਅਪਰਾਧੀ ਹੀ ਲੱਗੇ ਨਾ ਕਿ ਹੀਰੋ, ਇਸ ਲਈ ਗੈਂਗਸਟਰਾਂ ਦੀਆਂ ਪੇਸ਼ੀਆਂ ਜੇਲਾਂ ਅੰਦਰ ਹੀ ਵਿਸ਼ੇਸ਼ ਅਦਾਲਤਾਂ ਲਾ ਕੇ ਕਰਨ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ।


Related News