ਨਾਜਾਇਜ਼ ਝੁੱਗੀ-ਝੌਂਪੜੀ ਬਸਤੀਆਂ ''ਚ ਸ਼ਾਮ ਢਲਦੇ ਹੀ ਸ਼ੁਰੂ ਹੋ ਜਾਂਦੈ ਬਿਜਲੀ ਚੋਰੀ ਕਰਨ ਦਾ ਸਿਲਸਿਲਾ

Thursday, May 31, 2018 - 03:19 AM (IST)

ਨਾਜਾਇਜ਼ ਝੁੱਗੀ-ਝੌਂਪੜੀ ਬਸਤੀਆਂ ''ਚ ਸ਼ਾਮ ਢਲਦੇ ਹੀ ਸ਼ੁਰੂ ਹੋ ਜਾਂਦੈ ਬਿਜਲੀ ਚੋਰੀ ਕਰਨ ਦਾ ਸਿਲਸਿਲਾ

ਕਪੂਰਥਲਾ, (ਭੂਸ਼ਣ)- ਸੂਬਾ ਸਰਕਾਰ ਨੇ ਬੀਤੇ ਕੁਝ ਮਹੀਨਿਆਂ ਦੌਰਾਨ ਬਿਜਲੀ ਦੇ ਰੇਟ 'ਚ 10 ਤੋਂ 15 ਫੀਸਦੀ ਦਾ ਵਾਧਾ ਕਰ ਕੇ ਜਿਥੇ ਆਮ ਆਦਮੀ ਦੀ ਜੇਬ 'ਤੇ ਕਰਾਰੀ ਸੱਟ ਮਾਰੀ ਹੈ, ਉਥੇ ਹੀ ਇਸ ਸਭ ਦੇ 'ਚ ਜ਼ਬਰਦਸਤ ਗਰਮੀ ਦੇ ਇਸ ਸੀਜ਼ਨ 'ਚ ਸ਼ਹਿਰ ਦੇ ਕਈ ਖੇਤਰਾਂ 'ਚ ਸਥਿਤ ਨਾਜਾਇਜ਼ ਝੁੱਗੀ-ਝੌਂਪੜੀ ਬਸਤੀਆਂ 'ਚ ਸ਼ਾਮ ਢਲਦੇ ਹੀ ਜਿਥੇ ਬਿਜਲੀ ਚੋਰੀ ਕਰਨ ਦਾ ਸਿਲਸਿਲਾ ਸ਼ਰੇਆਮ ਸ਼ੁਰੂ ਹੋ ਜਾਂਦਾ ਹੈ, ਉਥੇ ਹੀ ਇਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਪਰ ਸਬੰਧਤ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਨਾਜਾਇਜ਼ ਕੁੰਡੀ ਲਾ ਕੇ ਸ਼ਰੇਆਮ ਬਿਜਲੀ ਚੋਰੀ ਕਰਨ ਵਾਲੇ ਨਾਜਾਇਜ਼ ਝੁੱਗੀ-ਝੌਂਪੜੀ ਨਿਵਾਸੀਆਂ ਦੇ ਹੌਸਲੇ ਬੁਲੰਦੀਆਂ 'ਤੇ ਹਨ।  
ਗਰਮੀ ਦੇ ਇਸ ਸੀਜ਼ਨ 'ਚ ਆਉਣ ਵਾਲੇ ਹਜ਼ਾਰਾਂ ਰੁਪਏ ਦੇ ਬਿਜਲੀ ਦੇ ਬਿੱਲਾਂ 'ਚ ਜਿਥੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ, ਉਥੇ ਹੀ ਬਿਜਲੀ ਦਰਾਂ 'ਚ ਭਾਰੀ ਵਾਧੇ ਨੇ ਆਮ ਆਦਮੀ ਨੂੰ ਕਾਫੀ ਹੱਦ ਤਕ ਬੇਬਸ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਵੀ ਪਹਿਲਾਂ ਤੋਂ ਹੀ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਕੇ ਝੁੱਗੀ-ਝੌਂਪੜੀ ਬਸਤੀਆਂ ਬਣਾ ਕੇ ਰਹਿ ਰਹੇ ਲੋਕਾਂ ਦੀ ਚਾਂਦੀ ਹੈ। ਸ਼ਹਿਰ ਦੀਆਂ ਇਨ੍ਹਾਂ ਝੁੱਗੀ-ਝੌਂਪੜੀ ਬਸਤੀਆਂ 'ਚ ਜਿਨ੍ਹਾਂ 'ਚ ਅਜੀਤ ਨਗਰ ਨਜ਼ਦੀਕ ਗੰਦੇ ਨਾਲੇ 'ਤੇ ਬਣੀ ਝੁੱਗੀ-ਝੌਂਪੜੀ ਬਸਤੀ ਅਤੇ ਸੁਲਤਾਨਪੁਰ ਲੋਧੀ ਰਸਤੇ ਨਜ਼ਦੀਕ ਬਣੀ ਝੁੱਗੀ-ਝੌਂਪੜੀ ਬਸਤੀ ਸ਼ਾਮਲ ਹੈ, 'ਚ ਬਿਜਲੀ ਦੀ ਇੰਨੇ ਵੱਡੇ ਪੱਧਰ 'ਤੇ ਚੋਰੀ ਹੋ ਰਹੀ ਹੈ ਕਿ ਸਭ ਕੁਝ ਜਾਣਦੇ ਹੋਏ ਸਬੰਧਤ ਵਿਭਾਗ ਪੂਰੀ ਤਰ੍ਹਾਂ ਨਾਲ ਖਾਮੋਸ਼ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਝੁੱਗੀ-ਝੌਂਪੜੀ ਬਸਤੀਆਂ 'ਚ ਸ਼ਾਮ ਤੋਂ ਬਾਅਦ ਜਿਥੇ ਡਿਸ਼ ਐਨਟੀਨਾ ਦੀ ਮਦਦ ਨਾਲ ਟੀ. ਵੀ. ਚਲਦੇ ਖੁਲ੍ਹੇਆਮ ਨਜ਼ਰ ਆ ਜਾਂਦੇ ਹਨ। ਉਥੇ ਹੀ ਵੱਡੀ ਗਿਣਤੀ 'ਚ ਝੁੱਗੀ-ਝੌਂਪੜੀ ਨਿਵਾਸੀਆਂ ਨੇ ਕੂਲਰ ਅਤੇ ਪੱਖੇ ਵੀ ਲਾ ਰੱਖੇ ਹਨ। ਸੜਕ ਦੇ ਕੰਡੇ ਬਣੀਆਂ ਇਨ੍ਹਾਂ ਝੁੱਗੀ-ਝੌਂਪੜੀ ਬਸਤੀਆਂ 'ਚ ਇੰਨੇ ਵੱਡੇ ਪੱਧਰ 'ਤੇ ਹੋ ਰਹੀ ਬਿਜਲੀ ਚੋਰੀ ਖਿਲਾਫ ਕੋਈ ਸਰਕਾਰੀ ਮੁਹਿੰਮ ਸ਼ੁਰੂ ਨਾ ਹੋਣ ਨੂੰ ਲੈ ਕੇ ਜਿਥੇ ਆਮ ਆਦਮੀ ਕਾਫੀ ਹੈਰਾਨ ਹੈ। ਉਥੇ ਹੀ ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਵਿਭਾਗ ਦੀ ਮੁਹਿੰਮ ਆਮ ਲੋਕਾਂ ਦੇ ਘਰ ਤਕ ਸੀਮਿਤ ਹੈ, ਜੋ ਕਿੱਤੇ ਨਾ ਕਿੱਤੇ ਦੋਗਲੀ ਸਰਕਾਰੀ ਨੀਤੀ  ਦੇ ਵੱਲ ਇਸ਼ਾਰਾ ਕਰ ਰਹੀ ਹੈ।  
ਕੀ ਕਹਿੰਦੇ ਹਨ ਡਿਪਟੀ ਚੀਫ ਇੰਜੀਨੀਅਰ
ਇਸ ਸਬੰਧ 'ਚ ਜਦੋਂ ਡਿਪਟੀ ਚੀਫ ਇੰਜੀਨੀਅਰ ਪਾਵਰਕਾਮ ਕੰਵਰ ਜਸਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਨੂੰ ਰੋਕਣ ਲਈ ਉਨ੍ਹਾਂ ਦਾ ਵਿਭਾਗ ਪਹਿਲਾਂ ਤੋਂ ਹੀ ਕਾਫੀ ਸਖਤ ਹੈ। ਹੁਣ ਇਨ੍ਹਾਂ ਝੁੱਗੀ-ਝੌਂਪੜੀ ਬਸਤੀਆਂ 'ਚ ਬਿਜਲੀ ਚੋਰੀ ਰੋਕਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾਵੇਗੀ।


Related News