ਸਰਕਾਰੀ ਸਕੂਲ ਦਾ ਹਾਲ, ਅਧਿਆਪਕ ਨੂੰ ਉਡੀਕ ਰਹੀ ਹੈ ਖਾਲੀ ਕੁਰਸੀ (ਵੀਡੀਓ)

05/25/2018 7:45:05 AM

ਫਾਜ਼ਿਲਕਾ— ਇਕ ਪਾਸੇ ਜਿੱਥੇ ਕਈ ਸਰਕਾਰੀ ਸਕੂਲਾਂ ਦੀ ਪੰਜਾਬ 'ਚ ਨੁਹਾਰ ਬਦਲੀ ਹੈ ਅਤੇ ਲੋਕ ਵਧੀਆ ਸਹੂਲਤਾਂ ਮਿਲਣ ਕਾਰਨ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਵਿੱਦਿਆ ਹਾਸਲ ਕਰਵਾ ਰਹੇ ਹਨ, ਓਥੇ ਹੀ ਹਾਲੇ ਵੀ ਪੰਜਾਬ ਦੇ ਕਈ ਅਜਿਹੇ ਸਰਕਾਰੀ ਸਕੂਲ ਹਨ, ਜੋ ਕਿਸੇ ਨਾ ਕਿਸੇ ਸਹੂਲਤ ਤੋਂ ਵਾਂਝੇ ਹਨ। ਅਜਿਹਾ ਹੀ ਇਕ ਫਾਜ਼ਿਲਕਾ ਦੇ ਸਰਹੱਦੀ ਪਿੰਡ ਚੂਹੜੀ ਵਾਲਾ ਚਿਸ਼ਤੀ ਦਾ ਸਰਕਾਰੀ ਹਾਈ ਸਕੂਲ ਰਮਸਾ ਹੈ, ਜਿੱਥੇ ਅਧਿਆਪਕਾਂ ਦੀ ਘਾਟ ਹੋਣ ਕਾਰਨ ਵਿਦਿਆਰਥੀ ਕਲਾਸਾਂ 'ਚ ਬੈਠ ਕੇ ਆਪਣੇ ਆਪ ਹੀ ਪੜ੍ਹਾਈ ਕਰ ਰਹੇ ਹਨ। 200 ਦੇ ਕਰੀਬ ਬੱਚਿਆਂ ਵਾਲੇ ਇਸ ਸਕੂਲ 'ਚ ਬੱਚੇ ਤਾਂ ਕਲਾਸ ਰੂਮ 'ਚ ਜ਼ਰੂਰ ਬੈਠੇ ਹੋਏ ਹਨ ਪਰ ਅਧਿਆਪਕ ਵਾਲੀ ਕੁਰਸੀ ਖਾਲੀ ਪਈ ਹੈ, ਜਿਸ ਕਾਰਨ ਬੱਚਿਆਂ ਦਾ ਪੜ੍ਹਾਈ 'ਚ ਕਾਫੀ ਨੁਕਸਾਨ ਹੋ ਰਿਹਾ ਹੈ। ਓਥੇ ਹੀ ਸਕੂਲ ਦੇ ਈ. ਜੀ. ਐੱਸ. ਅਧਿਆਪਕ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੀ ਪੜ੍ਹਾਈ ਕਰਵਾਈ ਜਾ ਰਹੀ ਹੈ ਜਦਕਿ ਸਕੂਲ 'ਚ ਕੋਈ ਵੀ ਰਮਸਾ ਅਧਿਆਪਕ ਨਹੀਂ ਹੈ।

ਇਸ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਜਲਦੀ ਹੀ ਖਾਲੀਆਂ ਪਈਆਂ ਅਧਿਆਪਕਾਂ ਦੀਆਂ ਪੋਸਟਾਂ ਨੂੰ ਭਰਿਆ ਜਾਵੇਗਾ।
ਦੱਸ ਦਈਏ ਕਿ ਸਰਹੱਦੀ ਇਲਾਕੇ ਦੇ ਇਸ ਸਕੂਲ ਦੀ ਇਹ ਹਾਲਤ ਇੱਥੋਂ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨੂੰ ਬਿਆਨ ਕਰ ਰਹੀ ਹੈ, ਜਿਸ ਨਾਲ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ 'ਚ ਨਿਰਾਸ਼ਤਾ ਵੱਧ ਰਹੀ ਹੈ। ਲੋੜ ਹੈ ਸਰਕਾਰੀ ਸਕੂਲਾਂ ਦੇ ਚੰਗੇ ਪ੍ਰਬੰਧਾਂ ਦੀ ਤਾਂ ਕਿ ਵਿਦਿਆਰਥੀ ਵਧੀਆ ਸਿੱਖਿਆ ਹਾਸਲ ਕਰ ਸਕਣ।


Related News