ਗਾਜ਼ਾ-ਇਜ਼ਰਾਇਲ ਸਰਹੱਦ ''ਤੇ ਵਿਰੋਧ ਪ੍ਰਦਰਸ਼ਨ ਜਾਰੀ, ਮ੍ਰਿਤਕਾਂ ਦੀ ਗਿਣਤੀ ਵਧੀ

05/16/2018 1:08:17 PM

ਯੇਰੂਸ਼ਲਮ— ਇਜ਼ਰਾਇਲੀ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਫਿਲੀਸਤੀਨੀਆਂ ਦੀ ਗਿਣਤੀ 58 ਤੋਂ ਵਧ ਕੇ 61 ਹੋ ਗਈ ਹੈ। ਗਾਜ਼ਾ-ਇਜ਼ਰਾਇਲ ਸਰਹੱਦ 'ਤੇ ਸੋਮਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਜ਼ਖਮੀਆਂ ਨੇ ਦਮ ਤੋੜ ਦਿੱਤਾ। ਇਹ ਵਿਰੋਧ-ਪ੍ਰਦਰਸ਼ਨ ਯੇਰੂਸ਼ਲਮ ਵਿਚ ਅਮਰੀਕੀ ਦੂਤਘਰ ਦੇ ਉਦਘਾਟਨ ਦੇ ਵਿਰੋਧ ਵਿਚ ਹੋਏ ਸਨ। ਇਜ਼ਰਾਇਲ ਸੁਰੱਖਿਆ ਫੋਰਸਾਂ ਨੇ ਕਿਹਾ ਕਿ ਗਾਜ਼ਾ ਪੱਟੀ ਸਰਹੱਦ ਨਾਲ ਲੱਗਦੇ 13 ਸਥਾਨਾਂ 'ਤੇ ਫਿਲੀਸਤੀਨ ਦੇ 40,000 ਲੋਕਾਂ ਨੇ ਇਨ੍ਹਾਂ ਹਿੰਸਕ ਦੰਗਿਆਂ ਵਿਚ ਹਿੱਸਾ ਲਿਆ।
ਦੱਸ ਦਈਏ ਕਿ ਇਹ ਹਿੰਸਾ ਯੇਰੂਸ਼ਲਮ ਵਿਚ ਅਮਰੀਕੀ ਦੂਤਘਰ ਦੇ ਉਦਘਾਟਨ ਦੇ ਮੱਦੇਨਜ਼ਰ ਹੋਈ, ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ, ਉਨ੍ਹਾਂ ਦੇ ਜੁਆਈ ਜੇਰੇਡ ਕੁਸ਼ਨਰ ਅਤੇ ਵਿੱਤ ਮੰਤਰੀ ਸਟੀਵਨ ਨੁਚਿਨ ਦੀ ਅਗਵਾਈ ਵਿਚ ਅਮਰੀਕੀ ਵਫਦ ਨੇ ਹਿੱਸਾ ਲਿਆ ਸੀ। ਇਕ ਖਬਰ ਮੁਤਾਬਕ, ਇਜ਼ਰਾਇਲੀ ਪੁਲਸ ਅਤੇ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਵਿਚਕਾਰ ਇਹ ਹਿੰਸਕ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੇ ਨਵੇਂ ਦੂਤਘਰ ਦੇ ਬਾਹਰ ਫਿਲੀਸਤੀਨ ਦੇ ਝੰਡੇ ਲਹਿਰਾਏ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੁਰਕੀ ਅਤੇ ਦੱਖਣੀ ਅਫਰੀਕਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਆਪਣੇ-ਆਪਣੇ ਰਾਜਦੂਤਾਂ ਨੂੰ ਇਜ਼ਰਾਇਲ ਤੋਂ ਵਾਪਸ ਬੁਲਾਉਣ ਦੀ ਘੋਸ਼ਣਾ ਕੀਤੀ।


Related News