ਮੋਦੀ ਦੀ ਅਸਫਲਤਾ ਨੂੰ ਜ਼ਾਹਿਰ ਕਰਦੀ ਹੈ ਡੀਜ਼ਲ ਦੀ 40 ਤੋਂ 74 ਰੁਪਏ ਹੋਈ ਕੀਮਤ : ਕਮਲਜੀਤ
Sunday, Jun 03, 2018 - 11:44 AM (IST)

ਬਾਘਾਪੁਰਾਣਾ (ਚਟਾਨੀ) - ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਅੰਦਰਲੇ ਨਿੱਤ ਦੇ ਭਾਰੀ ਉਛਾਲ ਨੇ ਦੇਸ਼ ਦੇ ਸਭਨਾਂ ਵਰਗਾਂ ਅਤੇ ਵਿਸ਼ੇਸ਼ ਕਰਕੇ ਕਿਸਾਨੀ ਖੇਤਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ ਜਦਕਿ ਮੋਦੀ ਸਰਕਾਰ ਇਸ ਓਪਰ ਕਾਬੂ ਪਾਉਣ ਲਈ ਕੋਈ ਉਪਰਾਲਾ ਨਹੀਂ ਕਰ ਰਹੀ। ਸਿੱਟੇ ਵਜੋਂ ਦੇਸ਼ ਭਰ 'ਚ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ। ਇਹ ਗੱਲ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਮੋਦੀ ਸਰਕਾਰ ਦੀ ਮਹਿੰਗਾਈ ਨੂੰ ਰੋਕਣ 'ਚ ਕਥਿਤ ਅਸਫਲਤਾ ਉਪਰ ਟਿੱਪਣੀ ਕਰਦਿਆਂ ਕਹੀ ਹੈ।
ਇਸ ਸਬੰਧ 'ਚ ਬਰਾੜ ਨੇ ਕਿਹਾ ਕਿ ਅਰਥ ਸ਼ਾਸ਼ਤਰ ਦੀ ਡੁੰਘੀ ਸਮਝ ਰੱਖਣ ਵਾਲੇ ਮਨਮੋਹਨ ਸਿੰਘ ਦੇ ਮੁਕਾਬਲੇ ਮੋਦੀ ਵਰਗੇ ਆਰਥਿਕਤਾ ਦੀਆਂ ਘੁਣਤਰਾਂ ਤੋਂ ਊਣੇ ਵਿਅਕਤੀ ਸਿਰਫ ਸਮੱਸਿਆਵਾਂ ਨੂੰ ਉਲਝਾਅ ਹੀ ਸਕਦੇ ਹਨ ਜਦਕਿ ਅਜਿਹੇ ਅਣਜਾਣ ਵਿਅਕਤੀਆਂ ਕੋਲ ਹੱਲ ਦੀ ਕੋਈ ਸਮਝ ਨਹੀਂ। ਕਮਲਜੀਤ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਤੇਲ ਦੇ ਉਛਾਲ ਨੂੰ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੋੜ ਕੇ ਆਪਣੀ ਤਰਕ ਪੇਸ਼ ਕਰਦੀ ਹੈ ਤਾਂ ਉਹ ਦੱਸੇ ਕਿ ਅਗਸਤ 2013 ਦੌਰਾਨ ਕੱਚੇ ਤੇਲ ਦੇ 7062 ਰੁਪਏ ਵਾਲੀ ਕੀਮਤ ਦੇ ਮੁਕਾਬਲੇ 58 ਰੁਪਏ ਪ੍ਰਤੀ ਲੀਟਰ ਵਾਲਾ ਡੀਜ਼ਲ ਮਈ 2018 ਦੇ ਕੱਚੇ ਤੇਲ ਦੇ 4489 ਰੁਪਏ ਕੀਮਤ ਹੋਣ ਦੇ ਬਾਵਜੂਦ 74 ਰੁਪਏ ਪ੍ਰਤੀ ਲੀਟਰ ਕਿਵੇਂ ਹੋ ਗਿਆ। ਕਮਲਜੀਤ ਨੇ ਮੋਦੀ ਸਰਕਾਰ ਦੇ ਸਾਰੇ ਤਰਕਾਂ ਨੂੰ ਝੁਠਲਾਉਂਦਿਆਂ ਕਿਹਾ ਕਿ ਤੇਲ ਕੀਮਤਾਂ ਦੇ ਉਛਾਲ ਨੂੰ ਰੋਕਣ 'ਚ ਪੂਰੀ ਤਰਾਂ ਅਸਫਲ ਰਹੀ ਮੋਦੀ ਸਰਕਾਰ ਅਸਲੋਂ ਜਵਾਬਹੀਣ ਹੈ, ਜਿਸ ਨੂੰ ਜਲਦ ਹੀ ਆਪਣੀਆਂ ਨਾਕਾਮੀਆਂ ਦਾ ਖਮਿਆਜਾ ਭੁਗਤਣਾ ਪੈ ਸਕਦੀ ਹੈ।