29 ਇੰਚ ਦਾ ਟੀ. ਵੀ. ਉੱਪਰ ਡਿੱਗਣ ਨਾਲ 2 ਸਾਲਾ ਬੱਚੇ ਦੀ ਮੌਤ

05/17/2018 5:13:00 AM

ਲੁਧਿਆਣਾ(ਤਰੁਣ)-ਘਰ ਵਿਚ 2 ਸਾਲ ਦਾ ਬੱਚਾ ਖੇਡ ਰਿਹਾ ਸੀ। ਮਾਂ ਰਸੋਈ ਵਿਚ ਖਾਣਾ ਬਣਾ ਰਹੀ ਸੀ। ਅਚਾਨਕ ਜ਼ੋਰ ਨਾਲ ਧਮਾਕੇ ਦੀ ਆਵਾਜ਼ ਆਈ। ਮਾਂ ਰਸੋਈ ਤੋਂ ਕਮਰੇ ਵਿਚ ਪੁੱਜੀ ਤਾਂ 29 ਇੰਚ ਦੇ ਭਾਰੀ ਟੀ. ਵੀ. ਥੱਲੇ 2 ਸਾਲ ਦਾ ਬੱਚਾ ਲਹੂ-ਲੁਹਾਨ ਹਾਲਤ ਵਿਚ ਦੱਬਿਆ ਹੋਇਆ ਸੀ। ਮਾਸੂਮ ਬੱਚੇ ਨੂੰ ਇਸ ਹਾਲਤ ਵਿਚ ਦੇਖ ਕੇ ਮਾਂ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਉਸ ਨੇ ਪਤੀ ਨੂੰ ਫੋਨ ਕੀਤਾ। ਗੁਆਂਢੀਆਂ ਦੀ ਮਦਦ ਨਾਲ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਕਾਰਤਿਕ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਮੌਕੇ 'ਤੇ ਪੁੱਜੀ। ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਕਾਰਤਿਕ ਘਰ ਵਿਚ ਖੇਡ ਰਿਹਾ ਸੀ। ਘਰ ਦੇ ਕਮਰੇ ਵਿਚ ਪਏ ਇਕ ਟਰੰਕ 'ਤੇ ਕਾਫੀ ਭਾਰਾ ਟੀ. ਵੀ. ਰੱਖਿਆ ਹੋਇਆ ਸੀ। ਖੇਡ ਰਹੇ ਬੱਚੇ ਨੇ ਤਾਰ ਖਿੱਚੀ ਅਤੇ ਟੀ. ਵੀ. ਬੱਚੇ ਦੇ ਸਿਰ 'ਤੇ ਆ ਡਿੱਗਾ। ਟੀ. ਵੀ. ਦਾ ਸ਼ੀਸ਼ਾ ਟੁੱਟਿਆ ਅਤੇ ਬੱਚਾ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ। ਇਸ ਦਰਦਨਾਕ ਹਾਦਸੇ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਪਿਤਾ ਰਜਿੰਦਰ ਕੁਮਾਰ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ।


Related News