ਸ਼ਰਾਰਤੀ ਅਨਸਰਾਂ ਨੇ ਫਿਰ ਸਾਨ੍ਹ ''ਤੇ ਤੇਜ਼ਾਬ ਪਾ ਕੇ ਸਾੜਿਆ
Thursday, May 31, 2018 - 05:37 AM (IST)
ਲੁਧਿਆਣਾ(ਮੁਕੇਸ਼)-ਸ਼ਰਾਰਤੀ ਅਨਸਰਾਂ ਨੇ ਫਿਰ ਇਕ ਸਾਨ੍ਹ 'ਤੇ ਤੇਜ਼ਾਬ ਸੁੱਟ ਕੇ ਪੁਲਸ-ਪ੍ਰਸ਼ਾਸਨ ਨੂੰ ਮੂੰਹ ਚਿੜਾਉਂਦਿਆਂ ਘਟਨਾ ਨੂੰ ਅੰਜਾਮ ਦੇ ਦਿੱਤਾ। ਸੀ. ਜੀ. ਗਊ ਸੇਵਾ ਸੋਸਾਇਟੀ ਦੇ ਸੇਵਾਦਾਰ ਅਜੇ ਅਗਰਵਾਲ, ਰਾਜੇਸ਼ ਮੰਗਾ, ਅਨਿਲ ਭਾਂਬਰੀ, ਅਜੇ ਮਿੱਤਲ ਨੇ ਕਿਹਾ ਕਿ ਸੋਮਵਾਰ ਨੂੰ ਸ਼ਰਾਰਤੀ ਅਨਸਰਾਂ ਨੇ ਫਿਰ ਤੋਂ ਸਾਨ੍ਹ ਉੱਪਰ ਤੇਜ਼ਾਬ ਪਾ ਕੇ ਸਾੜ ਦਿੱਤਾ, ਜਿਸ ਨੂੰ ਇਲਾਜ ਲਈ ਗਊਸ਼ਾਲਾ ਹਸਪਤਾਲ ਲਿਆਂਦਾ ਗਿਆ। ਹੁਣ ਤੱਕ ਇਹੋ ਜਿਹੇ 14 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਹਿੰਦੂ ਸਮਾਜ ਪਾਰਟੀ ਦੇ ਮੁਕੇਸ਼ ਖੁਰਾਣਾ, ਦਰਸ਼ਨ ਰਾਣਾ, ਚਮਨ ਲਾਲ ਘਈ ਨੇ ਸਾਰਾ ਮਾਮਲਾ ਡੀ. ਸੀ. ਪ੍ਰਦੀਪ ਅਗਰਵਾਲ ਤੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਧਿਆਨ ਵਿਚ ਲਿਆਂਦਾ ਹੈ। ਪੁਲਸ ਕਮਿਸ਼ਨਰ ਡਾ. ਗਿੱਲ ਤੇ (ਡੀ. ਸੀ. ਪੀ.) ਗਗਨਅਜੀਤ ਸਿੰਘ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਤੇਜ਼ਾਬ ਨਾਲ ਸਾੜੇ ਗਏ ਸਾਨ੍ਹ ਦੀ ਹਾਲਤ ਨੂੰ ਦੇਖਿਆ। ਸੀ. ਪੀ. ਗਿੱਲ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਟੀਮਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਧਰ ਡੀ. ਸੀ. ਅਗਰਵਾਲ ਨੇ ਤੇਜ਼ਾਬ ਦੀ ਵਿਕਰੀ 'ਤੇ ਸਖ਼ਤੀ ਵਰਤਣ ਦੀ ਗੱਲ ਕਹੀ ਹੈ।
