ਗੁੰਡਾਗਰਦੀ : ਨਸ਼ੇ ''ਚ ਟੱਲੀ ਵਿਅਕਤੀਆਂ ਵਲੋਂ ਦੁਕਾਨਦਾਰਾਂ ਦੀ ਕੁੱਟ-ਮਾਰ

Saturday, May 26, 2018 - 06:39 AM (IST)

ਖਰੜ(ਅਮਰਦੀਪ)–ਖਰੜ ਹਸਪਤਾਲ ਰੋਡ 'ਤੇ ਬਣੇ ਹੈਂਡਰਸਨ ਸਕੂਲ ਸਾਹਮਣੇ ਅੱਜ ਦਿਨ-ਦਿਹਾੜੇ ਕੁਝ ਸ਼ਰਾਰਤੀ ਅਨਸਰ ਸ਼ਰਾਬ ਦੇ ਨਸ਼ੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਆਰਜ਼ੀ ਤੌਰ 'ਤੇ ਬਣਾਈਆਂ ਦੁਕਾਨਾਂ ਦੇ ਮਾਲਕਾਂ ਦੀ ਸ਼ਰੇਆਮ ਕੁੱਟ-ਮਾਰ ਕਰਕੇ ਉਨ੍ਹਾਂ ਦੇ ਗੱਲਿਆਂ ਵਿਚੋਂ ਪੈਸੇ ਲੁੱਟ ਕੇ ਲੈ ਗਏ। ਇਹ ਸਭ ਕੁਝ ਆਮ ਲੋਕਾਂ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਸੀ ਪਰ ਜਨਤਾ ਡਰਦੇ ਮਾਰਿਆਂ ਕੁਝ ਵੀ ਨਹੀਂ ਬੋਲ ਰਹੀ ਸੀ ਪਰ ਪਤਾ ਲੱਗਾ ਹੈ ਕਿ ਇਕ ਭਾਈਚਾਰੇ ਦੇ ਕੁਝ ਲੋਕ, ਜਿਨ੍ਹਾਂ ਨੇ ਹੱਥਾਂ ਵਿਚ ਬੇਸਬੈਟ, ਡੰਡੇ ਤੇ ਲੋਹੇ ਦੀਆਂ ਰਾਡਾਂ ਸਨ, ਆ ਕੇ ਦੁਕਾਨਦਾਰਾਂ ਨੂੰ ਕਹਿਣ ਲੱਗੇ ਕਿ ਸਕੂਲ ਦੇ ਬਾਹਰ ਜੇਕਰ ਦੁਕਾਨਾਂ ਲਾਉਣੀਆਂ ਹਨ ਤਾਂ ਉਨ੍ਹਾਂ ਨੂੰ ਕਿਰਾਇਆ ਦਿੱਤਾ ਜਾਵੇ, ਨਹੀਂ ਤਾਂ ਦੁਕਾਨਾਂ ਲੱਗਣ ਨਹੀਂ ਦਿੱਤੀਆਂ ਜਾਣਗੀਆਂ। ਜਦੋਂ ਦੁਕਾਨਦਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੁਕਾਨਦਾਰਾਂ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੇ ਗੱਲਿਆਂ ਵਿਚੋਂ ਪੈਸੇ ਕੱਢ ਲਏ ਤੇ ਲਲਕਾਰੇ ਮਾਰਦੇ ਹੋਏ ਭੱਜ ਗਏ। ਮੌਕੇ 'ਤੇ ਪੀ. ਸੀ. ਆਰ. ਟੀਮ ਦੇ ਇੰਚਾਰਜ ਹੌਲਦਾਰ ਕਰਨੈਲ ਸਿੰਘ ਪੁੱਜੇ ਤੇ ਉਨ੍ਹਾਂ ਇਕ ਜ਼ਖਮੀ ਦੁਕਾਨਦਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ। ਪਤਾ ਲੱਗਾ ਹੈ ਕਿ ਹਮਲਾਵਰਾਂ ਵਿਚ ਖਰੜ ਦਾ ਵਸਨੀਕ ਮੌਂਟੀ, ਆਸ਼ੂ ਤੇ ਸਕੂਲ ਦਾ ਇਕ ਕਲਰਕ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਪੁਲਸ ਨੇ ਉਨ੍ਹਾਂ ਦੇ ਘਰੋਂ ਅੱਜ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News