ਚੀਨ ਦੀ ਪਾਕਿ ਨੂੰ ਸਲਾਹ, ਹਾਫਿਜ਼ ਨੂੰ ਕਿਸੇ ਹੋਰ ਦੇਸ਼ ਭੇਜਿਆ ਜਾਵੇ

05/24/2018 1:32:45 PM

ਪੇਈਚਿੰਗ/ਇਸਲਾਮਾਬਾਦ— ਇਸ ਸਮੇਂ ਗਲੋਬਲ ਪੱਧਰ 'ਤੇ ਮੁੰਬਈ ਧਮਾਕਿਆਂ ਦੇ ਦੋਸ਼ੀ ਅਤੇ ਜਮਾਤ-ਉਦ-ਦਾਅਵਾ (ਜੇ.ਯੁ.ਡੀ) ਦੇ ਚੀਫ ਹਾਫਿਜ਼ ਸਈਦ 'ਤੇ ਕਾਰਵਾਈ ਨੂੰ ਲੈ ਕੇ ਦਬਾਅ ਵਧਦਾ ਜਾ ਰਿਹਾ ਹੈ। ਅਜਿਹੇ ਵਿਚ ਚੀਨ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਵਿਸ਼ਵ ਵਿਚ ਬਣ ਰਹੇ ਅਕਸ ਨੂੰ ਧਿਆਨ ਵਿਚ ਰੱਖਦੇ ਹੋਏ ਜੇਯੁਡੀ ਚੀਫ ਨੂੰ ਪਾਕਿਸਤਾਨ ਵਿਚੋਂ ਕੱਢ ਕੇ ਪੱਛਮੀ ਏਸ਼ੀਆ ਦੇ ਕਿਸੇ ਦੇਸ਼ ਵਿਚ ਭੇਜ ਦਿੱਤਾ ਜਾਏ। ਹਾਫਿਜ਼ ਸਈਦ ਇਸ ਸਮੇਂ ਇੰਟਰਨੈਸ਼ਨਲ ਅਤੇ ਭਾਰਤੀ ਏਜੰਸੀਆਂ ਦੇ ਨਿਸ਼ਾਨੇ 'ਤੇ ਹੈ। ਪਿਛਲੇ ਮਹੀਨੇ ਬੋਓ ਫੋਰਮ ਵਿਚ ਪਾਕਿਸਤਾਨ ਦੇ ਪੀ. ਐਮ ਸ਼ਾਹਿਦ ਖਕਾੱਨ ਅੱਬਾਸੀ ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਚਿੰਨਫਿੰਗ ਦੀ ਮੁਲਾਕਾਤ ਹੋਈ ਸੀ। ਚਿੰਨਫਿੰਗ ਨੇ ਅੱਬਾਸੀ ਨੂੰ ਸੁਝਾਅ ਦਿੱਤਾ ਕਿ ਪੱਛਮੀ ਏਸ਼ੀਆ ਦੇ ਕਿਸੇ ਦੇਸ਼ ਵਿਚ ਹਾਫਿਜ਼ ਸਈਦ ਨੂੰ ਭੇਜ ਦਿੱਤਾ ਜਾਏ ਤਾਂ ਕਿ ਉਹ ਆਪਣੀ ਅੱਗੇ ਦੀ ਜ਼ਿੰਦਗੀ ਆਸਾਨੀ ਨਾਲ ਬਿਤਾ ਸਕੇ।
ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਅੱਬਾਸੀ ਦੇ ਇਕ ਬਹੁਤ ਕਰੀਬੀ ਸੂਤਰ ਨੇ ਦੱਸਿਆ ਕਿ ਦੋਵਾਂ ਰਾਸ਼ਟਰਾਂ ਦੇ ਸੀਨੀਅਰ ਨੇਤਾਵਾਂ ਵਿਚਕਾਰ ਇਹ ਮੁਲਾਕਾਤ 35 ਮਿੰਟ ਤੱਕ ਚੱਲੀ। ਇਸ ਵਿਚ 10 ਮਿੰਟ ਤੱਕ ਹਾਫਿਜ਼ ਸਈਦ ਨੂੰ ਲੈ ਕੇ ਚਰਚਾ ਹੋਈ ਅਤੇ ਸ਼ੀ ਚਿੰਨਫਿੰਗ ਨੇ ਤੁਰੰਤ ਸਈਦ ਨੂੰ ਸੁਰਖੀਆਂ ਤੋਂ ਦੂਰ ਰੱਖਣ ਲਈ ਕੋਈ ਕਦਮ ਚੁੱਕਣ ਦਾ ਸੂਝਾਅ ਦਿੱਤਾ।' ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਦੇ ਪੀ. ਐਮ ਨੇ ਸਰਕਾਰ ਦੇ ਸੀਨੀਅਰ ਕਾਨੂੰਨੀ ਸਲਾਹਕਾਰਾਂ ਦੀ ਟੀਮ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਅਤੇ ਅੱਬਾਸੀ ਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਇਸ ਮਾਮਲੇ ਦਾ ਕੋਈ ਹੱਲ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਕਾਨੂੰਨੀ ਟੀਮ ਨੂੰ ਤੁਰੰਤ ਕੋਈ ਤਰੀਕਾ ਕੱਢਣ ਦਾ ਹੁਕਮ ਦਿੱਤਾ।'


Related News