ਭੀਮ ਟਾਂਕ ਹੱਤਿਆਕਾਂਡ ਦਾ ਕੇਸ ਲੜਨ ਵਾਲੇ ਨੂੰ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

05/26/2018 7:02:11 AM

ਜਲੰਧਰ (ਧਵਨ) - ਪੰਜਾਬ 'ਚ ਸਾਬਕਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕਾਂਗਰਸ ਨਾਲ ਮਜ਼ਬੂਤੀ ਨਾਲ ਚੱਲਣ ਵਾਲੇ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ 'ਚ ਸ਼ਾਮਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਅਬੋਹਰ 'ਚ ਜਦ ਭੀਮ ਟਾਂਕ ਹੱਤਿਆਕਾਂਡ ਹੋਇਆ ਸੀ ਤਾਂ ਉਸ ਸਮੇਂ ਦਲਿਤ ਪਰਿਵਾਰ ਦਾ ਕੇਸ ਲੜਨ ਤੋਂ ਕਈ ਵਕੀਲਾਂ ਨੇ ਇਨਕਾਰ ਕਰ ਦਿੱਤਾ ਸੀ। ਉਦੋਂ ਸੁਨੀਲ ਜਾਖੜ ਦੀ ਅਪੀਲ 'ਤੇ ਸੁਰਿੰਦਰਪਾਲ ਸਿੰਘ ਟੀਨਾ ਨੇ ਭੀਮ ਟਾਂਕ ਹੱਤਿਆਕਾਂਡ ਦਾ ਕੇਸ ਖੁਦ ਆਪਣੇ ਹੱਥਾਂ 'ਚ ਲਿਆ ਸੀ। ਹੁਣ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਿਫਾਰਿਸ਼ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਮੁਸੀਬਤ ਤੇ ਕਠਿਨ ਦੌਰ 'ਚ ਕਾਂਗਰਸ ਦਾ ਸਾਥ ਦਿੱਤਾ ਹੈ, ਨੂੰ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ 'ਚ ਜਾਖੜ ਨੇ ਸੁਰਿੰਦਰਪਾਲ ਸਿੰਘ ਟੀਨਾ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਰਾਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਰਿੰਦਰਪਾਲ ਸਿੰਘ ਦਾ ਰਿਕਾਰਡ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਹੈ। ਐਡੀਸ਼ਨਲ ਐਡਵੋਕੇਟ ਜਨਰਲ ਸੁਰਿੰਦਰਪਾਲ ਸਿੰਘ ਟੀਨਾ ਨੇ ਜਾਖੜ ਨਾਲ ਮਿਲ ਕੇ ਮੁੱਖ ਮੰਤਰੀ ਅਮਰਿੰਦਰ ਦਾ ਨਿਯੁਕਤੀ ਲਈ ਧੰਨਵਾਦ ਕੀਤਾ। ਇਸ ਮੌਕੇ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਪਿਛਲੇ 10 ਸਾਲਾਂ ਤੋਂ ਅਕਾਲੀ ਸ਼ਾਸਨਕਾਲ 'ਚ ਕਿਹੜੇ-ਕਿਹੜੇ ਲੋਕ ਕਾਂਗਰਸ ਨਾਲ ਖੜ੍ਹੇ ਰਹੇ, ਇਸ ਲਈ ਇਨ੍ਹਾਂ ਸਾਰਿਆਂ ਨੂੰ ਸਰਕਾਰ 'ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।


Related News