ਕੇਂਦਰ ਨੇ ਇਕ ਪੈਸੇ ਦੀ ਕਟੌਤੀ ਕਰ ਕੇ ਜਨਤਾ ਨਾਲ ਭੱਦਾ ਮਜ਼ਾਕ ਕੀਤਾ : ਕੈਪਟਨ
Thursday, May 31, 2018 - 05:27 AM (IST)
ਜਲੰਧਰ/ਚੰਡੀਗੜ੍ਹ (ਧਵਨ, ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਸਿਰਫ ਇਕ ਪੈਸੇ ਦੀ ਕਟੌਤੀ ਕਰਨ ਨੂੰ ਜਨਤਾ ਨਾਲ ਭੱਦਾ ਮਜ਼ਾਕ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਕੋਈ ਕਲੈਰੀਕਲ ਕਮੀ ਨਹੀਂ ਹੋ ਸਕਦੀ, ਸਗੋਂ ਇਹ ਤਾਂ ਨਰਿੰਦਰ ਮੋਦੀ ਦਾ ਜਨਤਾ ਨਾਲ ਮਜ਼ਾਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੈਟਰੋਲ ਦੇ ਰੇਟ 60 ਪੈਸੇ ਤੇ ਡੀਜ਼ਲ ਦੇ 56 ਪੈਸੇ ਘੱਟ ਹੋਣਗੇ ਪਰ ਉਸ ਵਿਚ ਸਿਰਫ ਇਕ ਪੈਸੇ ਦੀ ਕਟੌਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਕ ਪੈਸੇ ਦੀ ਕਟੌਤੀ ਦੀ ਗੱਲ ਸੁਣ ਕੇ ਲੋਕਾਂ ਨੂੰ ਹਾਸਾ ਤੇ ਗੁੱਸਾ ਦੋਵੇਂ ਆ ਰਹੇ ਹਨ। ਲੋਕ ਹੁਣ ਸੋਸ਼ਲ ਮੀਡੀਆ 'ਤੇ ਸਰਕਾਰ ਪ੍ਰਤੀ ਆਪਣਾ ਗੁੱਸਾ ਕੱਢ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸੂਬਾ ਕਾਂਗਰਸ ਕਮੇਟੀ ਵੱਲੋਂ ਤੇਜ਼ੀ ਨਾਲ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਵੇਖਦਿਆਂ 31 ਮਈ ਨੂੰ ਕਾਂਗਰਸ ਵੱਲੋਂ ਕੀਤੇ ਜਾ ਰਹੇ ਦੇਸ਼ ਪੱਧਰੀ ਪ੍ਰੋਟੈਸਟ ਵਿਚ ਹਿੱਸਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਸੂਬਾਈ ਕਾਂਗਰਸ ਕਮੇਟੀਆਂ ਨੂੰ ਕੇਂਦਰ ਸਰਕਾਰ ਖਿਲਾਫ ਇਸ ਮਾਮਲੇ ਨੂੰ ਲੈ ਕੇ ਸੜਕਾਂ 'ਤੇ ਉਤਰਨ ਨੂੰ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਆਮ ਜਨਤਾ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਹੈ ਅਤੇ ਇਸਨੂੰ ਵੇਖਦਿਆਂ ਸਰਕਾਰ ਨੂੰ ਤੁਰੰਤ ਇਸ ਵਿਚ ਭਾਰੀ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰ ਸਕਦੀ ਹੈ, ਜਿਸ ਨਾਲ ਜਨਤਾ ਨੂੰ ਰਾਹਤ ਮਿਲ ਸਕਦੀ ਹੈ ਪਰ ਕੇਂਦਰ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਰੇਟ ਘੱਟ ਸਨ ਤਾਂ ਉਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾ ਕੇ ਪੈਟਰੋਲ ਤੇ ਡੀਜ਼ਲ ਨੂੰ ਮਹਿੰਗਾ ਕਰ ਦਿੱਤਾ ਸੀ। ਉਸ ਸਮੇਂ ਵੀ ਜਨਤਾ ਨੂੰ ਸਸਤਾ ਪੈਟਰੋਲ ਦੇ ਕੇ ਕੇਂਦਰ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ ਸੀ।
ਦੂਜੇ ਪਾਸੇ ਪੰਜਾਬ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ 31 ਮਈ ਨੂੰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਦੇ ਵਾਧੇ ਵਿਚ ਅੰਮ੍ਰਿਤਸਰ ਵਿਚ ਸੂਬਾ ਪੱਧਰੀ ਪ੍ਰਦਰਸ਼ਨ ਹੋਵੇਗਾ, ਜਿਸ ਵਿਚ ਉਹ ਖੁਦ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਜ਼ਿਲਾ ਕਾਂਗਰਸ ਕਮੇਟੀਆਂ ਨੂੰ ਤੇਲ ਕੀਮਤਾਂ ਦੇ ਵਾਧੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
