ਤਿਰੰਗਾ ਥੀਮ ਵਾਲੇ ਸਮਾਰਟ ਕਾਰਡ ''ਤੇ ਲੱਗੇਗੀ ਕੈਪਟਨ ਦੀ ਫੋਟੋ

Tuesday, Jun 05, 2018 - 12:34 AM (IST)

ਤਿਰੰਗਾ ਥੀਮ ਵਾਲੇ ਸਮਾਰਟ ਕਾਰਡ ''ਤੇ ਲੱਗੇਗੀ ਕੈਪਟਨ ਦੀ ਫੋਟੋ

ਲੁਧਿਆਣਾ(ਹਿਤੇਸ਼)-ਕਾਂਗਰਸ ਸਰਕਰ ਨੇ ਆਟਾ-ਦਾਲ ਸਕੀਮ ਦਾ ਪੈਟਰਨ ਬਦਲਣ ਸਬੰਧੀ ਜੋ ਯੋਜਨਾ ਬਣਾਈ ਹੈ, ਉਸ ਦੇ ਤਹਿਤ ਨੀਲੇ ਕਾਰਡ ਤੋਂ ਅਕਾਲੀਆਂ ਦਾ ਰੰਗ ਉਤਰਨ ਜਾ ਰਿਹਾ ਹੈ, ਜਿਸ ਦੀ ਜਗ੍ਹਾ ਲਾਗੂ ਹੋਣ ਜਾ ਰਹੇ ਸਮਾਰਟ ਕਾਰਡ ਨੂੰ ਤਿਰੰਗਾ ਥੀਮ ਦੇਣ ਸਮੇਤ ਉਸ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵੀ ਲਾਈ ਜਾ ਰਹੀ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਆਟਾ-ਦਾਲ ਸਕੀਮ ਦਾ ਮਾਸਟਰ ਸਟ੍ਰੋਕ ਖੇਡਿਆ ਸੀ, ਜਿਸ ਨੂੰ ਅਕਾਲੀਆਂ ਦੇ ਸੱਤਾ ਵਿਚ ਆਉਣਾ ਵੀ ਵੱਡੀ ਵਜ੍ਹਾ ਮੰਨਿਆ ਜਾਂਦਾ ਹੈ। ਹਾਲਾਂਕਿ ਬਾਅਦ 'ਚ ਅਕਾਲੀ ਸਰਕਾਰ ਨੇ ਇਹ ਯੋਜਨਾ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਲਈ ਲਾਗੂ ਹੋਣ ਦੀ ਸ਼ਰਤ ਲਾ ਦਿੱਤੀ ਪਰ ਫਿਰ ਵੀ ਲੋੜਵੰਦ ਲੋਕਾਂ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੇ ਕਰੀਬੀ ਕਾਫੀ ਅਮੀਰ ਲੋਕ ਵੀ ਇਸ ਸਕੀਮ ਦਾ ਲਾਭ ਲੈਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਲੋਕਾਂ ਦੇ ਨਾਂ ਕੱਟਣ ਦੇ ਟਾਰਗੈੱਟ ਨੂੰ ਸਾਹਮਣੇ ਰੱਖ ਕੇ ਕਈ ਵਾਰ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਹਮੇਸ਼ਾ ਕਾਰਡ ਬਣਾਉਣ ਦੀ ਗਿਣਤੀ 'ਚ ਵਾਧਾ ਹੋਇਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਸ ਸਮੇਂ ਆਟਾ-ਦਾਲ ਯੋਜਨਾ ਦਾ ਲਾਭ ਲੈ ਰਹੇ ਲੋਕਾਂ ਨੂੰ ਅਕਾਲੀ ਦਲ ਦੇ ਵੋਟ ਬੈਂਕ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਜਿਸ ਕਾਰਡ ਰਾਹੀਂ ਇਹ ਸਸਤਾ ਰਾਸ਼ਨ ਮਿਲ ਰਿਹਾ ਹੈ, ਉਸ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਫੂਡ ਸਪਲਾਈ ਮੰਤਰੀ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਫੋਟੋ ਲੱਗੀ ਹੋਈ ਹੈ, ਜਿਸ ਦੇ ਤਹਿਤ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਹੁਣ ਵੀ ਬਾਦਲ ਸਰਕਾਰ ਤੋਂ ਹੀ 4 ਰੁਪਏ ਕਿਲੋ ਕਣਕ ਮਿਲ ਰਹੀ ਹੈ। ਇਹ ਗੱਲ ਕਾਂਗਰਸ ਸਰਕਾਰ ਨੂੰ ਮਹਿਸੂਸ ਹੋਈ ਤਾਂ ਫਰਜ਼ੀਵਾੜਾ ਰੋਕਣ ਦੇ ਨਾਂ 'ਤੇ ਬਣਾਈ ਗਈ ਯੋਜਨਾ ਤਹਿਤ ਪੁਰਾਣੇ ਕਾਰਡ ਦੀ ਜਗ੍ਹਾ ਸਮਾਰਟ ਕਾਰਡ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਪੁਰਾਣੇ ਕਾਰਡ 'ਤੇ ਬਾਦਲ ਅਤੇ ਕੈਰੋਂ ਦੀ ਫੋਟੋ ਤੋਂ ਇਲਾਵਾ ਰੰਗ ਵੀ ਅਕਾਲੀ ਦਲ ਨਾਲ ਜੁੜਿਆ ਹੋਇਆ ਨੀਲਾ ਹੀ ਹੈ, ਜਿਸ ਨੂੰ ਬਦਲ ਕੇ ਤਿਰੰਗਾ ਥੀਮ 'ਤੇ ਸਮਾਰਟ ਕਾਰਡ ਬਣਾਇਆ ਜਾ ਰਿਹਾ ਹੈ, ਜਿਸ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲੱਗੀ ਹੋਵੇਗੀ। ਫਰਜ਼ੀਵਾੜਾ ਰੋਕਣ ਲਈ ਆਧਾਰ ਦੇ ਨਾਲ ਲਿੰਕ ਹੋਇਆ ਡਾਟਾ : ਆਟਾ-ਦਾਲ ਸਕੀਮ ਨੂੰ ਲੈ ਕੇ ਆਮ ਕਰ ਕੇ ਚਰਚਾ ਰਹਿੰਦੀ ਹੈ ਕਿ ਸਹੀ ਹੱਥਾਂ ਵਿਚ ਜਾਣ ਦੀ ਬਜਾਏ ਕਣਕ ਦਾ ਵੱਡਾ ਹਿੱਸਾ ਡਿਪੂ ਹੋਲਡਰ ਜਾਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਹਜ਼ਮ ਕੀਤਾ ਜਾ ਰਿਹਾ ਹੈ। ਅਜਿਹੀ ਕਣਕ ਕਈ ਵਾਰ ਫਲੋਰ ਮਿੱਲਾਂ ਤੋਂ ਬਰਾਮਦ ਵੀ ਹੋ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਆਟਾ-ਦਾਲ ਸਕੀਮ ਦੇ ਸਾਰੇ ਕਾਰਡਾਂ ਦਾ ਡਾਟਾ ਆਧਾਰ ਦੇ ਨਾਲ ਲਿੰਕ ਕਰ ਦਿੱਤਾ ਹੈ, ਜਿਸ ਨਾਲ ਕਾਰਡ ਧਾਰਕ ਨੂੰ ਫਿੰਗਰ ਪ੍ਰਿੰਟ ਦੇਣ 'ਤੇ ਹੀ ਰਾਸ਼ਨ ਮਿਲੇਗਾ। ਅਜਿਹੇ ਵਿਚ ਫਰਜ਼ੀ ਦਸਤਖ਼ਤ ਦੇ ਜ਼ੋਰ 'ਤੇ ਕਣਕ ਦੀ ਸਪਲਾਈ ਦਿਖਾਉਣ ਵਾਲੀ ਰਿਵਾਇਤ ਖਤਮ ਹੋ ਜਾਵੇਗੀ।


Related News