ਏ. ਟੀ. ਐੱਮ. ਬਦਲ ਕੇ 78 ਹਜ਼ਾਰ ਰੁਪਏ ਕੱਢਵਾਏ, ਕੇਸ ਦਰਜ
Wednesday, May 30, 2018 - 10:53 AM (IST)

ਜਲੰਧਰ (ਰਾਜੇਸ਼)— ਏ. ਟੀ. ਐੱਮ. 'ਚੋਂ ਪੈਸੇ ਕੱਢਵਾਉਣ ਗਈ ਔਰਤ ਕੋਲ ਖੜ੍ਹੇ ਨੌਜਵਾਨਾਂ ਨੇ ਏ. ਟੀ. ਐੱਮ. ਬਦਲ ਕੇ ਉਸ 'ਚੋਂ 78000 ਰੁਪਏ ਕੱਢਵਾ ਲਏ, ਜਿਸ ਦਾ ਪਤਾ ਔਰਤ ਨੂੰ ਉਦੋਂ ਚੱਲਿਆ ਜਦੋਂ ਉਸ ਦੇ ਮੋਬਾਇਲ 'ਤੇ 2 ਵਾਰ ਪੈਸੇ ਨਿਕਲਣ ਸਬੰਧੀ ਮੈਸੇਜ ਆਇਆ, ਜਿਸ 'ਤੇ ਉਹ ਹੈਰਾਨ ਹੋ ਗਈ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਨੰ. 8 ਦੀ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਦਿੱਤਾ।
ਜਾਣਕਾਰੀ ਅਨੁਸਾਰ ਸੀਮਾ ਰਾਏ ਵਾਸੀ ਕਰੋਲ ਬਾਗ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਲੰਬਾ ਪਿੰਡ ਚੌਕ ਕੋਲ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਗਈ ਸੀ ਕਿ ਏ. ਟੀ. ਐੱਮ. ਤੋਂ ਪੈਸੇ ਨਹੀਂ ਨਿਕਲੇ ਤਾਂ ਉਥੇ ਏ. ਟੀ. ਐੱਮ. 'ਚ ਖੜ੍ਹੇ 2 ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਏ. ਟੀ. ਐੱਮ. ਉਲਟਾ ਪਾ ਰਹੇ ਹੋ। ਮੁਲਜ਼ਮਾਂ ਨੇ ਉਸ ਦੇ ਹੱਥੋਂ ਏ. ਟੀ. ਐੱਮ. ਫੜ ਲਿਆ ਅਤੇ ਬਦਲ ਲਿਆ।
ਜਦੋਂ ਉਹ ਵਾਪਸ ਗਈ ਤਾਂ ਕੁਝ ਦੇਰ ਬਾਅਦ ਮੋਬਾਇਲ 'ਤੇ 2 ਮੈਸੇਜ ਆਏ, ਜਿਨ੍ਹਾਂ 'ਚ 38000 ਅਤੇ 40000 ਰੁਪਏ ਕੱਢਵਾਉਣ ਦੀ ਜਾਣਕਾਰੀ ਸੀ। ਉਸ ਨੇ ਇਸ ਦੀ ਸੂਚਨਾ ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਏ. ਟੀ. ਐੱਮ. 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਦੇ ਆਧਾਰ 'ਤੇ 2 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।