ਆਸ਼ਾ ਵਰਕਰਾਂ ਇਕ ਜੂਨ ਨੂੰ ਪਹੁੰਚਣਗੀਆਂ ਪਟਿਆਲੇ : ਬੀਬੀ ਝਬਾਲ

05/25/2018 10:58:27 PM

ਝਬਾਲ/ਬੀੜ ਸਾਹਿਬ,(ਲਾਲੂਘੁੰਮਣ,ਬਖਤਾਵਰ)—ਆਸ਼ਾ ਵਰਕਰਾਂ ਅਤੇ ਫਿਸੀਲੀਟੇਟਰਾਂ ਨੇ ਐਲਾਨ ਕੀਤਾ ਹੈ ਕਿ ਉਹ 1 ਜੂਨ ਨੂੰ ਪਟਿਆਲਾ ਵਿਖੇ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨਗੀਆਂ। ਇਸ ਸਬੰਧੀ ਪ੍ਰਾਇਮਰੀ ਹੈਲਥ ਸੈਂਟਰ ਕਸੇਲ ਵਿਖੇ ਆਸ਼ਾ ਵਰਕਰ ਜਸਮੇਲ ਕੌਰ ਦੀ ਪ੍ਰਧਾਨਗੀ ਹੇਠ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਸ਼ਾ ਵਰਕਰ ਪੰਜਾਬ ਜਨਰਲ ਸਕੱਤਰ ਲਖਵਿੰਦਰ ਕੌਰ ਝਬਾਲ ਨੇ ਕਿਹਾ ਕਿ ਆਸ਼ਾ ਵਰਕਰ ਅਤੇ ਫਿਸੀਲੀਟੇਟਰ ਵਰਕਰਾਂ ਨੂੰ ਸਰਕਾਰ ਵੱਲੋਂ ਆਪਣੇ ਪੱਕੇ ਮੁਲਾਜ਼ਮ ਨਹੀਂ ਮੰਨਿਆਂ ਜਾ ਰਿਹਾ ਹੈ, ਜਦ ਕਿ ਇਹ ਵਰਕਰਾਂ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਨੇ ਆਸ਼ਾ ਵਰਕਰਾਂ ਦੇ ਹੋ ਰਹੇ ਆਰਥਿਕ, ਮਾਨਸਿਕ ਅਤੇ ਸਮਾਜਿਕ ਸ਼ੋਸ਼ਣ ਨੂੰ ਰੋਕਣ ਦੀ ਮੰਗ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਸਰਕਾਰੀ ਮੁਲਾਜ਼ਮ ਮੰਨ ਕੇ ਉਜਰਤ ਦੇ ਘੇਰੇ 'ਚ ਲਿਆਂਦਾ ਜਾਵੇ। ਸ਼ਰਦ ਅਤੇ ਗਰਮੀਆਂ ਦੀਆਂ ਵਰਦੀਆਂ ਸਮੇਂ ਸਿਰ ਦਿੱਤੀਆਂ ਜਾਣ ਅਤੇ ਪ੍ਰਤੀ ਵਰਕਰ 2 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਉਕਤ ਹੱਕੀ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਵਰਕਰਾਂ ਵਲੋਂ 1 ਜੂਨ ਨੂੰ ਪਟਿਆਲਾ ਵਿਖੇ ਪਹੁੰਚ ਕੇ ਘਿਰਾਓ ਕਰਨ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਅਮਰਜੀਤ ਕੌਰ ਜਗਤਪੁਰਾ, ਰਜਵੰਤ ਕੌਰ ਢੰਡ, ਗੁਰਮੀਤ ਕੌਰ, ਰਜਵੰਤ ਕੌਰ, ਸੁਖਪ੍ਰੀਤ ਕੌਰ ਫਿਸੀਲੀਟੇਟਰ, ਜਸਮੇਲ ਕੌਰ ਆਦਿ ਹਾਜ਼ਰ ਸਨ।


Related News