ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 4 ਸਮੱਗਲਰਾਂ ਨੂੰ ਕੀਤਾ ਕਾਬੂ

05/26/2018 3:57:02 AM

ਲੁਧਿਆਣਾ(ਰਾਮ)– ਥਾਣਾ ਜਮਾਲਪੁਰ ਪੁਲਸ ਨੇ ਚਾਰ ਦੋਸ਼ੀਆਂ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ 1350 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਇੰਚਾਰਜ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਬੀਰ ਸਿੰਘ ਪੁਲਸ ਪਾਰਟੀ ਸਮੇਤ ਜਮਾਲਪੁਰ ਚੌਕ 'ਚ ਗਸ਼ਤ ਕਰ ਰਹੇ ਸਨ ਤਾਂ ਗੁਪਤ ਸੂਚਨਾ ਮਿਲੀ ਕਿ ਇਕ ਡਿਜ਼ਾਇਰ ਕਾਰ ਵਿਚ ਵੱਡੀ ਮਾਤਰਾ ਵਿਚ ਸ਼ਰਾਬ ਦੀ ਸਪਲਾਈ ਹੋਣ ਜਾ ਰਹੀ ਹੈ, ਜਿਸ 'ਤੇ ਨਾਕਾਬੰਦੀ ਕਰ ਕੇ ਇਕ ਸ਼ਰਾਬ ਸਮੱਗਲਰ ਸੁਖਵਿੰਦਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਕੁਤਬੇਵਾਲ ਗੁੱਜਰਾਂ ਥਾਣਾ ਲਾਡੋਵਾਲ ਜੋ ਸ਼ਰਾਬ ਸਮੱਗਲਿੰਗ ਦਾ ਧੰਦਾ ਕਰਦਾ ਸੀ, ਨੂੰ ਕਾਬੂ ਕਰ ਕੇ ਉਸ ਦੀ ਗੱਡੀ 'ਚੋਂ 20 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਪੁਲਸ ਵਲੋਂ ਦੋਸ਼ੀ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਚੀਮਾ ਚੌਕ ਘੋੜਾ ਫੈਕਟਰੀ ਗੋਦਾਮ ਵਿਚ ਇਸ ਤੋਂ ਜ਼ਿਆਦਾ ਸ਼ਰਾਬ ਦੀਆਂ ਗੱਡੀਆਂ ਲੱਦੀਆਂ ਪਈਆਂ ਹਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਥੋਂ 5 ਗੱਡੀਆਂ ਸ਼ਰਾਬ ਦੀਆਂ ਪੇਟੀਆਂ ਨਾਲ ਭਰੀਆਂ ਕਬਜ਼ੇ ਵਿਚ ਲੈ ਕੇ ਤਿੰਨ ਹੋਰ ਸ਼ਰਾਬ ਸਮੱਗਲਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਪਾਸੋਂ ਲਗਭਗ 1330 ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਇੰਚਾਰਜ ਰਵਿੰਦਰਪਾਲ ਨੇ ਦੱਸਿਆ ਕਿ ਮੁੱਖ ਦੋਸ਼ੀ ਪੰਜਾਬ ਦੇ ਬਾਹਰੀ ਸ਼ਹਿਰਾਂ ਤੋਂ ਸਸਤੀ ਸ਼ਰਾਬ ਲਿਆ ਕੇ ਲੁਧਿਆਣਾ ਵਿਚ ਵੇਚਦਾ ਸੀ। ਬਾਕੀ ਦੋਸ਼ੀਆਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਐੱਸ. ਏ. ਐੱਸ. ਨਗਰ, ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ, ਹਰਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਜਗੀਰਪੁਰ ਦੇ ਰੂਪ ਵਿਚ ਹੋਈ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। 


Related News