ਬੁਆਏ ਫਰੈਂਡ ਨਾਲ ਗੱਲਾਂ ਕਰਨ ਤੋਂ ਖਫਾ ਨਸ਼ੇੜੀ ਭਰਾ ਨੇ ਭੈਣ ਨੂੰ ਨਹਿਰ ''ਚ ਸੁੱਟਿਆ
Friday, May 18, 2018 - 02:15 AM (IST)

ਪਟਿਆਲਾ, (ਬਲਜਿੰਦਰ)- ਥਾਣਾ ਸਿਵਲ ਲਾਈਨਜ਼ ਅਧੀਨ ਪੈਂਦੀ ਨਜ਼ੂਲ ਕਲੋਨੀ ਵਾਸੀ ਇਕ ਭਰਾ ਨੇ ਬੀਤੀ ਰਾਤ ਆਪਣੀ ਭੈਣ ਨੂੰ ਭਾਖੜਾ ਨਹਿਰ ਵਿਚ ਇਸ ਲਈ ਧੱਕਾ ਦੇ ਦਿੱਤਾ ਕਿ ਉਹ ਉਸ ਦੇ ਸਾਹਮਣੇ ਆਪਣੇ ਬੁਆਏ ਫਰੈਂਡ ਨਾਲ ਗੱਲਾਂ ਮਾਰਨ ਤੋਂ ਨਹੀਂ ਰੁਕੀ। ਇਸ ਤੋਂ ਬਾਅਦ ਉਹ ਘਰ ਵਾਪਸ ਆ ਕੇ ਸੌਂ ਗਿਆ। ਸਵੇਰੇ ਜਦੋਂ ਮਾਂ ਨੇ ਪੁੱਛਿਆ ਤਾਂ ਉਸ ਨੇ ਸਾਰੀ ਕਹਾਣੀ ਦੱਸੀ। ਲੜਕੀ ਦੀ ਮਾਂ ਨੇ ਹੀ ਪੁਲਸ ਨੂੰ ਘਟਨਾ ਸਬੰਧੀ ਸੂਚਿਤ ਕੀਤਾ। ਪੁਲਸ ਨੇ ਭਰਾ ਬਹਾਦਰ ਸਿੰਘ ਉਮਰ 23 ਸਾਲ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਲੜਕੀ ਪ੍ਰੀਤੀ ਉਮਰ 19 ਸਾਲ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ।
ਇਸ ਸਬੰਧੀ ਡੀ. ਐੈੱਸ. ਪੀ. ਸਿਟੀ-1 ਸੌਰਵ ਜਿੰਦਲ ਨੇ ਦੱਸਿਆ ਕਿ ਬਹਾਦਰ ਸਿੰਘ ਦਾ ਪਹਿਲਾਂ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਇਸ ਕਾਰਨ ਮਾਂ ਸੁਨਿਆਰੀ ਦੇਵੀ ਨੇ ਉਸ ਦੀ ਪਤਨੀ ਨੂੰ ਆਪਣੇ ਕੋਲ ਸੌਣ ਲਈ ਕਿਹਾ ਅਤੇ ਬਹਾਦਰ ਸਿੰਘ ਕੋਲ ਉਸ ਦੀ ਭੈਣ ਪ੍ਰੀਤੀ ਸੌਂ ਗਈ। ਰਾਤ ਨੂੰ ਪ੍ਰੀਤੀ ਫੋਨ 'ਤੇ ਗੱਲਾਂ ਕਰ ਰਹੀ ਸੀ ਤਾਂ ਬਹਾਦਰ ਸਿੰਘ ਨੇ ਉਸ ਰੋਕਿਆ। ਜਦੋਂ ਉਹ ਨਾ ਮੰਨੀ ਤਾਂ ਉਸ ਨੇ ਕਿਹਾ ਕਿ ਉਹ ਭਾਖੜਾ ਨਹਿਰ ਵਿਚ ਸੁੱਟ ਦੇਵੇਗਾ। ਪ੍ਰੀਤੀ ਨੇ ਜੁਆਬ ਦਿੱਤਾ ਕਿ ਸੁੱਟ ਦੇ। ਇਸ ਗੱਲ ਤੋਂ ਖਫਾ ਹੋ ਕੇ ਉਹ ਨੇ ਭੈਣ ਨੂੰ ਭਾਖੜਾ ਨਹਿਰ ਵਿਚ ਸੁੱਟ ਕੇ ਵਾਪਸ ਆ ਕੇ ਸੌਂ ਗਿਆ।
ਪਰਿਵਾਰ ਮੁਤਾਬਕ ਬਹਾਦਰ ਸਿੰਘ ਨਸ਼ਾ ਕਰਨ ਦਾ ਆਦੀ ਹੈ। ਜਦੋਂ ਮਾਂ ਸੁਨਿਆਰੀ ਦੇਵੀ ਨੇ ਸਵੇਰੇ ਪੁੱਛਿਆ ਤਾਂ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਪ੍ਰੀਤੀ ਨੂੰ ਭਾਖੜਾ ਨਹਿਰ ਵਿਚ ਸੁੱਟ ਆਇਆ ਹੈ। ਪਹਿਲਾਂ ਤਾਂ ਪਰਿਵਾਰ ਨੇ ਸੱਚ ਨਹੀਂ ਮੰਨਿਆ ਅਤੇ ਲੜਕੀ ਦੀ ਤਲਾਸ਼ ਕੀਤੀ ਪਰ ਜਦੋਂ ਨਾ ਮਿਲੀ ਤਾਂ ਮਿਲੀ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਹਾਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ। ਇਹ ਘਟਨਾ ਰਾਤ ਦੀ ਹੈ। ਅਜੇ ਤੱਕ ਪ੍ਰੀਤੀ ਦੀ ਲਾਸ਼ ਬਰਾਮਦ ਨਹੀਂ ਹੋਈ। ਇਸ ਮਾਮਲੇ ਵਿਚ ਅਜੇ ਤੱਕ ਇਹ ਸਾਫ ਨਹੀਂ ਹੋਇਆ ਕਿ ਬਹਾਦਰ ਸਿੰਘ ਨੇ ਆਪਣੀ ਭੈਣ ਪ੍ਰੀਤੀ ਨੂੰ ਕਤਲ ਕਰਨ ਤੋਂ ਬਾਅਦ ਸੁੱਟਿਆ ਹੈ ਜਾਂ ਫੇਰ ਜਿਊਂਦੀ ਨੂੰ ਨਹਿਰ ਵਿਚ ਧੱਕਾ ਦਿੱਤਾ ਹੈ। ਦੂਜੇ ਦੇਰ ਸ਼ਾਮ ਤੱਕ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦੀ ਟੀਮ ਦੇ ਗੋਤਾਖੋਰਾਂ ਵੱਲੋਂ ਲਾਸ਼ ਦੀ ਤਲਾਸ਼ ਜਾਰੀ ਸੀ।