15 ਵਿਦਿਆਰਥੀਆਂ ਤੋਂ ਘੱਟ ਸੰਖਿਆ ਵਾਲੇ ਸਕੂਲ ਹੋਣਗੇ ਬੰਦ

05/23/2018 10:20:06 AM

ਅੰਮ੍ਰਿਤਸਰ (ਦਲਜੀਤ) : ਪੰਜਾਬ ਭਰ 'ਚ 15 ਵਿਦਿਆਰਥੀਆਂ ਦੀ ਸੰਖਿਆ ਤੋਂ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਸਿੱਖਿਆ ਵਿਭਾਗ ਨੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵਿਭਾਗ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਉਕਤ ਸਕੂਲਾਂ ਨੂੰ ਹਾਈ ਸਕੂਲਾਂ 'ਚ ਤਬਦੀਲ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਕਿਹਾ ਹੈ ਕਿ ਰਾਜ ਭਰ ਦੇ ਸਾਰੇ ਜ਼ਿਲਾ ਅਧਿਕਾਰੀਆਂ ਤੋਂ ਇਸ ਸਬੰਧੀ ਸੂਚਨਾ ਵੀ ਮੰਗ ਲਈ ਗਈ ਹੈ।  
ਵਰਣਨਯੋਗ ਹੈ ਕਿ ਪੰਜਾਬ ਭਰ 'ਚ ਕਈ ਸਕੂਲ ਅਜਿਹੇ ਚੱਲ ਰਹੇ ਹਨ ਜਿਨ੍ਹਾਂ 'ਚ ਵਿਦਿਆਰਥੀਆਂ ਦੀ ਸੰਖਿਆ 15 ਹੈ। ਅਜਿਹੇ ਸਕੂਲਾਂ 'ਚ ਅਧਿਆਪਕ ਜਿਆਦਾ ਹਨ ਅਤੇ ਵਿਦਿਆਰਥੀ ਮੌਜੂਦ ਨਹੀਂ ਹਨ। ਵਿਭਾਗ ਵਲੋਂ ਹੁਣ ਅਜਿਹੇ ਸਕੂਲਾਂ ਨੂੰ ਬੰਦ ਕਰਕੇ ਹਾਈ ਸਕੂਲਾਂ 'ਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਹੈ। ਵਿਭਾਗ ਵਲੋਂ ਇਕ ਪਾਸੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦਾ ਦਾਖਲਾ ਸੰਖਿਆ ਵਧਾਉਣ ਲਈ ਅਧਿਆਪਕਾਂ ਨੂੰ ਆਦੇਸ਼ ਦਿੱਤੇ ਜਾ ਰਹੇ ਹਨ ਪਰ ਦੂਜੇ ਪਾਸੇ ਅਧਿਆਪਕਾਂ ਦੀ ਮਿਹਨਤ ਦੇ ਬਾਵਜੂਦ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਸੰਖਿਆ ਵੱਧ ਨਹੀਂ ਰਹੀ ਹੈ।  ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਅਤੇ ਮੁੱਢਲੀਆਂ ਸਹੂਲਤਾਂ ਦਾ ਟੋਟਾ ਹੋਣ ਕਾਰਨ ਮਾਤਾ-ਪਿਤਾ ਗਰੀਬੀ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਉਕਤ ਸਕੂਲਾਂ 'ਚ ਨਹੀਂ ਭੇਜ ਰਹੇ ਹਨ ਜਿਸ ਕਾਰਨ ਸਕੂਲਾਂ 'ਚ ਵਿਦਿਆਰਥੀਆਂ ਦੀ ਸੰਖਿਆ ਦਿਨ-ਬ-ਦਿਨ ਘੱਟ ਹੁੰਦੀ ਜਾ ਰਹੀ ਹੈ।


Related News