ਮਹਾਨਗਰ ਦੇ ਅਕਾਲੀ ਆਗੂ ''ਚਿੱਟੀ ਪਗੜੀ'' ਬੰਨ੍ਹਣ ਦੇ ਮੂਡ ''ਚ!
Sunday, May 13, 2018 - 05:55 AM (IST)

ਲੁਧਿਆਣਾ(ਮੁੱਲਾਂਪੁਰੀ)–ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਅਤੇ ਸਾਬਕਾ ਕਈ ਅਜਿਹੇ ਨੇਤਾ ਜੋ ਅੱਜਕਲ ਆਪਣੇ ਘਰ ਬੈਠੇ ਹਨ ਅਤੇ ਅਕਾਲੀ ਦਲ ਨੇ ਉਨ੍ਹਾਂ ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੋਈ ਸਾਰ ਨਹੀਂ ਲਈ। ਇਨ੍ਹਾਂ ਆਗੂਆਂ 'ਚ 4 ਅਕਾਲੀ ਆਗੂ ਵੱਡੇ ਕੱਦ ਦੇ ਹੋਣ ਕਰ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਥਾਨਕ ਮੰਤਰੀ ਤੇ ਐੱਮ.ਪੀ. ਬਿੱਟੂ ਦੀ ਪਕੜ 'ਚ ਦੱਸੇ ਜਾ ਰਹੇ ਹਨ। ਇਹ ਅਕਾਲੀ ਨੇਤਾ ਜਾਂ ਸਾਬਕਾ ਆਗੂ ਹੁਣ ਕਿਸੇ ਵੀ ਵੇਲੇ ਸ਼ਾਹਕੋਟ ਉਪ ਚੋਣ ਦੌਰਾਨ ਕਾਂਗਰਸ ਦਾ ਪੱਲਾ ਫੜ ਸਕਦੇ ਹਨ। ਜਾਣਕਾਰ ਸੂਤਰਾਂ ਨੇ ਦੱਸਿਆ ਇਹ ਆਗੂ ਆਪੋ-ਆਪਣੇ ਹਲਕਿਆਂ ਵਿਚ ਵੱਡਾ ਆਧਾਰ ਰੱਖਦੇ ਹਨ। ਇਹ ਅਕਾਲੀ ਆਗੂ ਹੁਣ ਕਿਸੇ ਵੇਲੇ 'ਨੀਲੀ ਪੱਗ' ਦੀ ਬਜਾਏ 'ਚਿੱਟੀ ਪਗੜੀ' ਬੰਨ੍ਹਣ ਨੂੰ ਤਰਜੀਹ ਦੇ ਸਕਦੇ ਹਨ ਕਿਉਂਕਿ ਇਸ ਵੇਲੇ ਪੰਜਾਬ ਵਿਚ ਕਾਂਗਰਸ ਦਾ ਰਾਜ ਹੈ ਅਤੇ ਅਜੇ ਹੋਰ 4 ਸਾਲ ਚੱਲਣਾ ਹੈ। ਇਸ ਦੌਰਾਨ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਇਹ ਅਕਾਲੀ ਨੇਤਾ ਕਾਂਗਰਸ ਵਿਚ ਸ਼ਾਮਲ ਹੋਣ ਦੀ ਤਾਂਘ ਵਿਚ ਦੱਸੇ ਜਾ ਰਹੇ ਹਨ ਜਦੋਂਕਿ 2017 ਵਿਚ ਕਾਂਗਰਸ ਦੀ ਗੱਡੀ ਚੜ੍ਹੇ ਦਰਜਨ ਦੇ ਕਰੀਬ ਅਕਾਲੀ ਨੇਤਾਵਾਂ ਨੂੰ ਬਿੱਟੂ ਤੇ ਮੰਤਰੀ ਜਲਦੀ ਹੀ ਪਾਰਟੀ ਤੇ ਸਰਕਾਰ ਵਿਚ ਐਡਜਸਟ ਕਰਵਾਉਣ ਲਈ ਪੂਰੇ ਸਰਗਰਮ ਦੱਸੇ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਇਨ੍ਹਾਂ ਆਗੂਆਂ ਦੀ ਪਛਾਣ ਕਰ ਕੇ ਇਨ੍ਹਾਂ ਨੂੰ 'ਚਿੱਟੀ ਪਗੜੀ' ਬੰਨ੍ਹਣੋਂ ਕਿਵੇਂ ਰੋਕਦਾ ਹੈ।