ਟਰੱਕ ਤੇ ਕਾਰ ਦੀ ਟੱਕਰ ''ਚ ਨੌਜਵਾਨ ਦੀ ਮੌਤ, ਦੋ ਜ਼ਖਮੀ
Thursday, May 31, 2018 - 05:12 AM (IST)
ਖਮਾਣੋਂ, (ਜਟਾਣਾ, ਸੰਜੀਵ)- ਬੀਤੀ ਰਾਤ ਸਾਢੇ 11 ਵਜੇ ਲੁਧਿਆਣਾ–ਚੰਡੀਗੜ੍ਹ ਮਾਰਗ 'ਤੇ ਸੀਨੀਅਰ ਸੈਕੰਡਰੀ ਸਕੂਲ ਅੱਗੇ ਖੜ੍ਹੇ ਟਰੱਕ 'ਚ ਪਿਛਲੇ ਪਾਸਿਓਂ ਇਕ ਕਾਰ ਦੇ ਟਕਰਾਉਣ ਕਾਰਨ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਉਸ ਦੇ ਨਾਲ ਸਵਾਰ ਦੋ ਹੋਰ ਉਸਦੇ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਜਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਪਛਾਣ ਦੀਪਕ ਪ੍ਰਕਾਸ਼ ਵਾਸੀ ਨਿਊ ਆਬਾਦੀ ਮੁਹੱਲਾ ਸੰਤ ਸੰਤੋਖਪੁਰਾ, ਨਿੰਬੂ ਵਾਲੀ ਗਲੀ, ਹੁਸ਼ਿਆਰਪੁਰ ਰੋਡ ਜਲੰਧਰ ਵਜੋਂ ਹੋਈ ਹੈ, ਜਦੋਂਕਿ ਜ਼ਖਮੀਆਂ 'ਚ ਮਨਦੀਪ ਸਿੰਘ ਉਰਫ ਰਾਜੂ ਪੁੱਤਰ ਜਰਨੈਲ ਸਿੰਘ ਪਿੰਡ ਚੱਕ ਜਿੰਦਾ ਥਾਣਾ ਡਵੀਜ਼ਨ ਨੰ. 1 ਜਲੰਧਰ ਤੇ ਕੁਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਸਤਨਾਮ ਸਿੰਘ ਨਿਵਾਸੀ ਵਿਜੈ ਕਾਲੋਨੀ ਜਲੰਧਰ ਦੇ ਨਾਂ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਹਾਦਸੇ ਦੇ ਸ਼ਿਕਾਰ ਲੋਕ ਚੰਡੀਗੜ੍ਹ ਤੋਂ ਜਲੰਧਰ ਜਾ ਰਹੇ ਸਨ ਕਿ ਉਕਤ ਸੜਕ 'ਤੇ ਖੜ੍ਹੇ ਟਰੱਕ ਦੇ ਪਿੱਛੇ ਉਨ੍ਹਾਂ ਦੀ ਕਾਰ ਜਾ ਟਕਰਾਈ। ਖਮਾਣੋਂ ਪੁਲਸ ਨੇ ਜ਼ਖਮੀ ਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਤੇ ਉਸਦੇ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰ ਲਿਆ, ਜਦੋਂਕਿ ਘਟਨਾ ਸਥਾਨ ਤੋਂ ਫਰਾਰ ਹੋਏ ਟਰੱਕ ਡਰਾਈਵਰ ਦੀ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
