ਕਾਂਗੜਾ ਕਾਲੋਨੀ ''ਚ ਘਰ ਨੂੰ ਲੱਗੀ ਅੱਗ
Monday, May 21, 2018 - 04:03 AM (IST)

ਅੰਮ੍ਰਿਤਸਰ, (ਰਮਨ)- ਕਾਂਗੜਾ ਕਾਲੋਨੀ ਸਥਿਤ ਰਾਮ ਨਗਰ 'ਚ ਰੋਸ਼ਨ ਲਾਲ ਦੇ ਘਰ ਸ਼ਾਮ 5 ਤੋਂ 6 ਵਜੇ ਦੇ ਕਰੀਬ ਅੱਗ ਲੱਗ ਗਈ, ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ, ਜੋ ਅੱਧਾ ਘੰਟਾ ਦੇਰੀ ਨਾਲ ਪਹੁੰਚੀ। ਜਿਥੇ ਫਾਇਰ ਬ੍ਰਿਗੇਡ ਨੂੰ ਤੰਗ ਗਲੀਆਂ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਉਸ ਦੀਆਂ ਵੱਡੀਆਂ ਗੱਡੀਆਂ ਗਲੀ ਦੇ ਬਾਹਰ ਖੜ੍ਹੀਆਂ ਰਹੀਆਂ।
ਛੋਟੀ ਗੱਡੀ ਆਉਣ 'ਤੇ ਪਾਈਪਾਂ ਜੋੜ ਕੇ ਅੱਗ 'ਤੇ ਕਾਬੂ ਪਾਉਣ ਵਿਚ ਲੱਗੇ ਰਹੇ। ਮੌਕੇ 'ਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਵੀ ਪਹੁੰਚੀਆਂ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਖਬਰ ਲਿਖੇ ਜਾਣ ਤੱਕ ਅੱਗ ਨਹੀਂ ਬੁਝੀ ਸੀ। ਘਰ ਦਾ ਸਾਰਾ ਸਾਮਾਨ ਸੜਨ ਨਾਲ ਘਰ ਦੇ ਮੈਂਬਰ ਕਾਫੀ ਭਾਵੁਕ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਪੁੱਜੀ ਪੁਲਸ ਨੇ ਹੌਸਲਾ ਦਿੱਤਾ।
ਤੰਗ ਗਲੀਆਂ 'ਚ ਵਗੜਿਆ ਸਿਸਟਮ
ਕੁਝ ਦਿਨ ਪਹਿਲਾਂ ਕੇਸਰ ਢਾਬੇ ਨੇੜੇ ਲੱਗੀ ਭਿਆਨਕ ਅੱਗ ਨੂੰ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਬੂ ਨਹੀਂ ਕਰ ਸਕੀਆਂ, ਜੋ ਦੇਰ ਸ਼ਾਮ ਲੱਗੀ ਅੱਗ ਨੂੰ ਸਵੇਰ ਤੱਕ ਬੁਝਾਉਂਦੀਆਂ ਰਹੀਆਂ। ਉਥੇ ਹੀ ਇਕ ਘਰ ਵਿਚ ਲੱਗੀ ਅੱਗ ਨੂੰ ਸ਼ਾਮ ਤੋਂ ਰਾਤ 9:30 ਵਜੇ ਤੱਕ ਕਾਬੂ ਨਹੀਂ ਪਾਇਆ ਗਿਆ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਨਿਗਮ ਕੋਲ ਸਮਰੱਥ ਫਾਇਰ ਸਿਸਟਮ ਨਹੀਂ ਹੈ। ਹਰ ਵਾਰ ਨਿਗਮ ਦੇ ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ ਲਈ ਮੂੰਹ ਦੀ ਖਾਣੀ ਪੈਂਦੀ ਹੈ।
ਸਮੇਂ 'ਤੇ ਫਾਇਰ ਬਿਗ੍ਰੇਡ ਨਾ ਪੁੱਜਣ 'ਤੇ ਆਂਢ-ਗੁਆਂਢ ਦੇ ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਪਾਈਪਾਂ, ਬਾਲਟੀਆਂ ਨਾਲ ਅੱਗ ਬੁਝਾਈ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ। ਮੌਕੇ 'ਤੇ ਢਾਬ ਬਸਤੀ ਰਾਮ ਸੋਸਾਇਟੀ ਦੀ ਗੱਡੀ ਨੇ ਹੀ ਘਰ ਤੱਕ ਪਹੁੰਚ ਕੀਤੀ।