ਵੱਖ-ਵੱਖ ਜਥੇਬੰਦੀਆਂ ਨੇ ਰਾਜਸਥਾਨ ਵਿਖੇ ਅਨੁਸੂਚਿਤ ਜਾਤੀ ਦੇ ਬੱਚੇ ਨਾਲ ਹੋਈ ਘਟਨਾ ਤੋਂ ਬਾਅਦ ਜਤਾਇਆ ਰੋਸ
Tuesday, Aug 16, 2022 - 03:45 PM (IST)
ਫਗਵਾੜਾ (ਸੁਨੀਲ ਮਹਾਜਨ) : ਫਗਵਾੜਾ ਵਿਖੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਰਾਜਸਥਾਨ ਦੀ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਤਲਾ ਵੀ ਫੂਕਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਜਸਥਾਨ ਵਿਖੇ ਇਕ ਅਨੁਸੂਚਿਤ ਜਾਤੀ ਦੇ ਮਾਸੂਮ ਬੱਚੇ ਵੱਲੋਂ ਉੱਚ ਜਾਤੀ ਦੇ ਘੜੇ 'ਚੋਂ ਪਾਣੀ ਪੀਣ 'ਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।
ਰੋਸ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਪੂਰੇ ਹੋ ਗਏ ਹਨ ਅਤੇ ਉਹ ਆਜ਼ਾਦੀ ਦਾ ਦਿਹਾੜਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਨ ਪਰ ਹਾਲੇ ਵੀ ਦੇਸ਼ ਗੁਲਾਮ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਹੈ ਅਤੇ ਹੁਣ ਬੀਤੇ ਦਿਨੀਂ ਹੀ ਇਕ ਹੋਰ ਘਟਨਾ ਰਾਜਸਥਾਨ ਵਿਖੇ ਦੇਖਣ ਨੂੰ ਮਿਲੀ ਜਿਥੇ ਕਿ ਇਕ ਮਾਸੂਮ ਬੱਚੇ ਵੱਲੋਂ ਉੱਚ ਜਾਤੀ ਦੇ ਘੜੇ 'ਚੋਂ ਪਾਣੀ ਪੀਣ 'ਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਊਚ-ਨੀਚ ਦਾ ਰੌਲਾ ਕਦੋਂ ਤੱਕ ਚੱਲੇਗਾ, ਗੁਰੂ ਨਾਨਕ ਦੇਵ ਜੀ ਨੇ ਊਚ-ਨੀਚ, ਜਾਤ-ਧਰਮ ਦੇ ਢਿੰਡੋਰੇ ਨੂੰ ਬਿਲਕੁਲ ਖ਼ਤਮ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ 'ਸਭ ਧਰਮ ਇੱਕ ਹੀ ਹੈ', ਗੁਰਬਾਣੀ ਵੀ ਕਹਿੰਦੀ ਹੈ ਕਿ 'ਧਰਮ ਇਕ ਹੈ ਤੇ ਜਾਤ-ਪਾਤ ਵਿੱਚ ਕੁਝ ਨਹੀਂ ਹੈ।' ਇਜ਼ਰਾਈਲ ਨੇ ਕਿਹਾ ਕਿ ਸਾਰੇ ਮਨੁੱਖ ਉਸ ਰੱਬ ਦੇ ਬਣਾਏ ਹੋਏ ਹਨ ਪਰ ਹਾਲੇ ਵੀ ਕੁਝ ਲੋਕਾਂ ਵੱਲੋਂ ਊਚ-ਨੀਚ ਦੇ ਭੇਦਭਾਵ ਨੂੰ ਖ਼ਤਮ ਨਹੀਂ ਕੀਤਾ ਜਾ ਰਿਹਾ ਅਤੇ ਹਰ ਵਾਰ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੰਜਾਬ ਦੀ ਵੰਡ ਸਮੇਂ ਜਾਨਾਂ ਗਵਾਉਣ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਜਿਸ ਵਿਚ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਰੱਖੀ ਹੈ।