ਪ੍ਰਕਾਸ਼ ਪੁਰਬ ਸਬੰਧੀ ਸਜਾਇਆ ਨਗਰ ਕੀਰਤਨ

01/12/2019 5:12:04 PM

ਕਪੂਰਥਲਾ (ਰਜਿੰਦਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬੇਗੋਵਾਲ ਤੋਂ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਦੇਖ-ਰੇਖ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁੱਲਾਂ ਨਾਲ ਸਜੀ ਬੱਸ ਵਿਚ ਸੁਸ਼ੋਭਿਤ ਸਨ। ਜਦ ਕਿ ਖਾਲਸਾਈ ਪਹਿਰਾਵੇ ਵਿਚ ਸਜੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਗੱਤਕਾ ਪਾਰਟੀਆਂ ਆਪਣੇ ਜੌਹਰ ਦਿਖਾ ਰਹੀਆਂ ਸਨ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਰਕਾਰੀ ਸਕੂਲ ਮਾਰਗ, ਮੇਨ ਬਾਜ਼ਾਰ, ਟਾਂਡਾ ਰੋਡ, ਨਡਾਲਾ ਰੋਡ ਅੱਡਾ ਸਤਿਗੁਰ ਰਾਖਾ ਤੇ ਭਦਾਸ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਗਿ. ਸੰਗਤ ਸਿੰਘ, ਜਥੇ. ਸਵਰਨ ਸਿੰਘ ਜੋਸ਼, ਪ੍ਰਿੰ. ਸੇਵਾ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।


Related News