ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਡਰੱਗ ਸਮੱਗਲਰ ਕੋਲੋਂ 17 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
Tuesday, Jun 27, 2023 - 01:09 PM (IST)

ਕਪੂਰਥਲਾ (ਭੂਸ਼ਣ): ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੇ ਪਿਛਲੇ ਦਿਨੀਂ ਜਲੰਧਰ ਦਿਹਾਤੀ ਪੁਲਸ ਵੱਲੋਂ 6 ਕਿੱਲੋ ਹੈਰੋਇਨ ਦੀ ਖੇਪ ਦੇ ਨਾਲ ਫਡ਼ੇ ਗਏ ਸਮੱਗਲਰ ਨੂੰ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਪੁੱਛਗਿੱਛ ਲਈ ਕਪੂਰਥਲਾ ਲਿਆਉਣ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਦੇ ਖੁਲਾਸੇ ’ਤੇ 17.30 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫ਼ੈਸਲਾ
ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਦੇ ਤਹਿਤ 9 ਜੂਨ 2023 ਨੂੰ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਨਾਕਾਬੰਦੀ ਦੌਰਾਨ ਇਕ ਮੁਲਜ਼ਮ ਜੋਗਿੰਦਰ ਸਿੰਘ ਉਰਫ ਭਾਈ ਪੁੱਤਰ ਬਾਜ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਕਾਬੂ ਕਰ ਕੇ ਉਸ ਕੋਲੋਂ 70 ਗ੍ਰਾਮ ਹੈਰੋਇਨ ਤੇ 79 ਹਜ਼ਾਰ 600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਜਦੋਂ ਮੁਲਜ਼ਮ ਜੋਗਿੰਦਰ ਸਿੰਘ ਉਰਫ ਭਾਈ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਮੁੰਡੇ ਗੁਜਰਾਲ ਸਿੰਘ ਉਰਫ ਜੋਗਾ ਦੇ ਨਾਲ ਡਰੱਗ ਦਾ ਇਕ ਵੱਡਾ ਨੈੱਟਵਰਕ ਚਲਾਉਂਦਾ ਹੈ ਤੇ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਰਾਖੀ ਕਰਨ ਵਾਲੇ ਪੰਜਾਬੀ ਸੂਰਬੀਰਾਂ ਦੇ ਮਾਪਿਆਂ ਲਈ ਮਾਨ ਸਰਕਾਰ ਦਾ ਅਹਿਮ ਫ਼ੈਸਲਾ
ਇਸ ਦੌਰਾਨ ਜੋਗਿੰਦਰ ਸਿੰਘ ਉਰਫ ਭਾਈ ਦੇ ਮੁੰਡੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਜਲੰਧਰ ਦਿਹਾਤੀ ਪੁਲਸ ਨੇ 6 ਕਿੱਲੋ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕਰ ਲਿਆ, ਜਿਸ ਖ਼ਿਲਾਫ਼ 12 ਜੂਨ 2023 ਨੂੰ ਥਾਣਾ ਸਦਰ ਨਕੋਦਰ ’ਚ ਮਾਮਲਾ ਦਰਜ ਕੀਤਾ ਗਿਆ ਸੀ। ਗੁਜਰਾਲ ਸਿੰਘ ਉਰਫ ਜੋਗਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੇ ਲਈ ਐੱਸ. ਪੀ. (ਡੀ) ਰਮਨਿੰਦਰ ਸਿੰਘ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਪੁਲਸ ਟੀਮ ਜਿਸ ’ਚ ਡੀ. ਐੱਸ. ਪੀ. (ਡੀ) ਬਰਜਿੰਦਰ ਸਿੰਘ ਤੇ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ 'ਤੇ ਆਧਾਰਤ ਟੀਮ ਦਾ ਗਠਨ ਕਰ ਕੇ ਮੁਲਜ਼ਮ ਗੁਜਰਾਲ ਸਿੰਘ ਉਰਫ ਜੋਗਾ ਤੋਂ ਪ੍ਰੋਡਕਸ਼ਨ ਵਾਰੰਟ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ ਜਨਾਨੀ ਦੀ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ, ਜਾਣੋ ਪੂਰਾ ਮਾਮਲਾ
ਜਿਸ ਦੌਰਾਨ ਜਦੋਂ ਮੁਲਜ਼ਮ ਗੁਜਰਾਲ ਸਿੰਘ ਉਰਫ ਜੋਗਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਡਰੱਗ ਦੇ ਕਾਰੋਬਾਰ ਤੋਂ ਬੇਹਦ ਮੋਟੀ ਕਮਾਈ ਕੀਤੀ ਹੈ ਤੇ ਉਸ ਨੇ ਆਪਣੇ ਘਰ ’ਚ ਹੀ ਭਾਰੀ ਮਾਤਰਾ ’ਚ ਡਰੱਗ ਮਨੀ ਰੱਖੀ ਹੋਈ ਹੈ, ਜਿਸ ’ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਸ ਟੀਮ ਦੇ ਨਾਲ ਗੁਜਰਾਲ ਸਿੰਘ ਉਰਫ ਜੋਗਾ ਦੇ ਘਰ ’ਚ ਛਾਪਾਮਾਰੀ ਕਰ ਕੇ 16 ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਮੁਲਜ਼ਮ ਗੁਜਰਾਲ ਸਿੰਘ ਉਰਫ ਜੋਗਾ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗ ਦੀ ਸਮੱਗਲਿੰਗ ਕਰ ਰਿਹਾ ਹੈ ਤੇ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਡਰੱਗ ਬਰਾਮਦਗੀ ਦੇ 3 ਮਾਮਲੇ ਦਰਜ ਹਨ। ਪੂਰੇ ਮਾਮਲੇ ’ਚ ਹੁਣ ਤੱਕ ਕੁੱਲ 17 ਲੱਖ 30 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ 70 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਗੁਜਰਾਲ ਸਿੰਘ ਉਰਫ ਜੋਗਾ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਐਕਸ਼ਨ 'ਚ ਵਿਜੀਲੈਂਸ ਬਿਊਰੋ, ਪਰਲਜ਼ ਦੀਆਂ ਜਾਇਦਾਦਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਆਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ