ਵੇਟ ਲਿਫਟਿੰਗ ਸੈਂਟਰਾਂ ''ਚ ਕੋਚ ਨਹੀਂ, ਮਸ਼ੀਨਾਂ ਖਰਾਬ ਪਰ ਸਰਕਾਰ ਅੱਖਾਂ ਮੀਟੀ ਬੈਠੀ: ਖਾਲਸਾ

01/04/2020 1:04:55 PM

ਜਲੰਧਰ (ਮ੍ਰਿਦੁਲ)— ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਖੇਡਾਂ, ਖਿਡਾਰੀਆਂ ਅਤੇ ਖੇਡ ਕੇਂਦਰਾਂ ਪ੍ਰਤੀ ਪੂਰੀ ਤਰ੍ਹਾਂ ਲਾਪ੍ਰਵਾਹ ਹੈ, ਜਿਸ ਦੀ ਤਾਜ਼ਾ ਮਿਸਾਲ ਸਪੋਰਟਸ ਕਾਲਜ ਸਥਿਤ ਉੱਜੜ ਰਹੇ ਖੇਡ ਮੈਦਾਨ ਹਨ। ਇੰਨਾ ਹੀ ਨਹੀਂ, ਗੁਰੂ ਗੋਬਿੰਦ ਸਿੰਘ ਸਟੇਡੀਅਮ ਸਥਿਤ ਵੇਟ ਲਿਫਟਿੰਗ ਸੈਂਟਰ ਵੀ ਇਸ ਸਮੇਂ ਬਿਨਾਂ ਕੋਚ ਦੇ ਹੀ ਚੱਲ ਰਿਹਾ ਹੈ। ਹਾਲਾਤ ਇਹ ਹਨ ਕਿ ਮਸ਼ੀਨਾਂ ਤੱਕ ਨੂੰ ਜੰਗ ਲੱਗ ਗਿਆ ਹੈ ਅਤੇ ਉਨ੍ਹਾਂ ਦੀ ਰਿਪੇਅਰ ਤੱਕ ਨਹੀਂ ਕਰਵਾਈ ਗਈ।

PunjabKesari

ਪੰਜਾਬ ਦੀ ਧਰਤੀ ਜਿਸ ਨੇ ਦੇਸ਼ ਨੂੰ ਲਾਜਵਾਬ ਖਿਡਾਰੀ ਦਿੱਤੇ ਹਨ ਪਰ ਹੁਣ ਸਮੇਂ ਦੀ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਪੂਰੀ ਤਰ੍ਹਾਂ ਅਵੇਸਲੀ ਹੈ। ਸਰਕਾਰ ਦੀ ਲਾਪ੍ਰਵਾਹੀ ਕਾਰਣ ਫੁੱਟਬਾਲ, ਬਾਕਸਿੰਗ, ਬਾਸਕਿਟਬਾਲ, ਹਾਕੀ ਅਤੇ ਸਵੀਮਿੰਗ ਦੇ ਵਿੰਗ ਬੰਦ ਪਏ ਹਨ। ਸਰਕਾਰ ਦੇ ਇਸ ਰਵੱਈਏ ਕਾਰਣ ਜਲੰਧਰ ਦਾ ਕਰੀਬ 40 ਸਾਲ ਪੁਰਾਣਾ ਵੇਟ ਲਿਫਟਿੰਗ ਸੈਂਟਰ ਜਿਸ ਨੇ ਕਿੰਨੇ ਹੀ ਨੈਸ਼ਨਲ ਅਤੇ ਸਟੇਟ ਲੈਵਲ ਦੇ ਖਿਡਾਰੀ ਦਿੱਤੇ, ਜਿਨ੍ਹਾਂ ਦੇਸ਼ ਦਾ ਨਾਂ ਰੌਸ਼ਨ ਕੀਤਾ, ਉਹ ਅੱਜ ਇਕ ਪਰਮਾਨੈਂਟ ਕੋਚ ਲਈ ਤਰਸ ਰਿਹਾ ਹੈ। ਡਿਪਾਰਟਮੈਂਟ ਦੇ ਡਿਸਟ੍ਰਿਕਟ ਕੋਚ ਜਸਪ੍ਰੀਤ ਸਿੰਘ ਢਿੱਲੋਂ ਜੋ ਕੇ ਬੱਚਿਆਂ ਨੂੰ ਵੇਟ ਲਿਫਟਿੰਗ ਦੀ ਟਰੇਨਿੰਗ ਦਿੰਦੇ ਸਨ, ਅਸਤੀਫਾ ਦੇ ਕੇ ਵਿਦੇਸ਼ 'ਚ ਸੈਟਲ ਹੋ ਗਏ। ਕੋਚ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸਰਕਾਰ ਵੱਲੋਂ ਫਿਲੌਰ ਸਥਿਤ ਸੈਂਟਰ ਚਲਾ ਰਹੇ ਐਕਸ ਸਰਵਿਸਮੈਨ ਕੋਚ ਨੂੰ ਜਲੰਧਰ ਸਥਿਤ ਵੇਟ ਲਿਫਟਿੰਗ ਸੈਂਟਰ ਦਾ ਐਡੀਸ਼ਨਲ ਚਾਰਜ ਦਿੱਤਾ ਹੈ। ਸੁਭਾਵਿਕ ਹੀ ਹੈ ਕਿ ਇਕ ਵਿਅਕਤੀ ਇਕ ਸਮੇਂ ਇਕ ਹੀ ਥਾਂ 'ਤੇ ਹੀ ਟਰੇਨਿੰਗ ਦੇ ਸਕਦਾ ਹੈ। ਕੋਚ ਵਲੋਂ 2 ਥਾਵਾਂ 'ਤੇ ਟਰੇਨਿੰਗ ਦੇਣ ਕਾਰਣ ਫਿਲੌਰ ਅਤੇ ਜਲੰਧਰ ਦੋਵੇਂ ਥਾਂ ਖਿਡਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਭਾਵੇਂ ਕਿ ਅੱਜ ਵੀ ਇਸ ਸੈਂਟਰ 'ਚ ਕਈ ਓਲੰਪੀਅਨ ਅਤੇ ਨੈਸ਼ਨਲ ਲੈਵਲ ਦੇ ਪਲੇਅਰ ਵੀ ਪ੍ਰੈਕਟਿਸ ਕਰਨ ਆਉਂਦੇ ਹਨ ਪਰ ਉਥੇ ਮਸ਼ੀਨਾਂ ਦੇ ਹਾਲਾਤ ਬਹੁਤ ਖਰਾਬ ਹਨ, ਜਿਸ ਨੂੰ ਵੇਖਦਿਆਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸੀ. ਪੀ. ਐੱਸ. ਪਵਨ ਕੁਮਾਰ ਟੀਨੂੰ ਖੁਦ ਕੇਂਦਰ ਤੋਂ ਗ੍ਰਾਂਟ ਲੈ ਕੇ ਖਿਡਾਰੀਆਂ ਨੂੰ ਸਪੋਰਟਸ ਇਕੁਇਪਮੈਂਟਸ ਮੁਹੱਈਆ ਕਰਵਾਉਂਦੇ ਰਹੇ ਹਨ ਪਰ ਕਾਂਗਰਸ ਦੇ ਰਾਜ ਵਿਚ ਖਿਡਾਰੀ ਇਸ ਸਮੇਂ ਚੰਗੀ ਟਰੇਨਿੰਗ ਲਈ ਤਰਸ ਰਹੇ ਹਨ, ਜੋ ਕਾਫੀ ਚਿੰਤਾਜਨਕ ਹੈ। ਸੈਂਟਰ ਦੇ ਕਿੰਨੇ ਹੀ ਉਪਕਰਨ ਰਿਪੇਅਰ ਹੋਣ ਵਾਲੇ ਹਨ। ਸ਼੍ਰੀ ਖਾਲਸਾ ਨੇ ਦੱਸਿਆ ਕਿ ਖਰਾਬ ਹੋਏ ਉਪਕਰਨਾਂ ਨੂੰ ਉਹ ਖੁਦ ਨਿੱਜੀ ਤੌਰ 'ਤੇ ਠੀਕ ਕਰਵਾ ਰਹੇ ਹਨ। ਜਲੰਧਰ ਜੋ ਕਿ ਸਪੋਰਟਸ ਸਿਟੀ ਹੈ, ਇਸ ਸ਼ਹਿਰ 'ਚ ਕਿੰਨੇ ਹੀ ਨਾਮੀ ਸਪੋਰਟਸਮੈਨ ਹੋਏ ਹਨ। ਮਿਸਾਲ ਦੇ ਤੌਰ 'ਤੇ ਵਿਧਾਇਕ ਪਰਗਟ ਸਿੰਘ (ਹਾਕੀ), ਸੁਸ਼ੀਲ ਰਿੰਕੂ (ਸਟੇਟ ਲੈਵਲ ਬਾਕਸਰ), ਬਾਵਾ ਹੈਨਰੀ (ਸਟੇਟ ਲੈਵਲ ਕ੍ਰਿਕਟਰ) ਅਤੇ ਰਾਜਿੰਦਰ ਬੇਰੀ (ਜੋ ਕਿ ਜੂਡੋ ਐਸੋਸੀਏਸ਼ਨ ਦੇ ਪੈਟਰਨ ਹਨ) ਪਰ ਫਿਰ ਵੀ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸੈਂਟਰ 'ਚ ਜਲਦੀ ਤੋਂ ਜਲਦੀ ਨਵੇਂ ਕੋਚ ਦੀ ਭਰਤੀ ਕੀਤੀ ਜਾਵੇ ਤਾਂ ਜੋ ਖਿਡਾਰੀਆਂ ਨੂੰ ਉੱਚ ਪੱਧਰ ਦੀ ਟਰੇਨਿੰਗ ਮਿਲ ਸਕੇ ਅਤੇ ਨੌਜਵਾਨ ਖੇਡਾਂ 'ਚ ਰੁਚੀ ਵਿਖਾ ਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।


shivani attri

Content Editor

Related News