ਹਾਈਵੇਅ ’ਤੇ ਬੇਲਗਾਮ ਹੋਈ ਰਫ਼ਤਾਰ, ਸਰਕਾਰ ਨੇ ਵਧਾਈ ਸਪੀਡ ਲਿਮਿਟ, ਬੰਦ ਹੋਏ ਓਵਰ ਸਪੀਡ ਦੇ ਚਲਾਨ

09/16/2022 1:11:18 PM

ਜਲੰਧਰ (ਵਰੁਣ) : ਜਲੰਧਰ ਦੇ ਹਾਈਵੇ ’ਤੇ ਇਸ ਸਮੇਂ ਰਫ਼ਤਾਰ ਬੇਲਗਾਮ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਕੁਝ ਹਾਈਵੇਜ਼ ’ਤੇ ਸਪੀਡ ਦੀ ਲਿਮਿਟ ਵਧਾ ਦਿੱਤੀ ਗਈ ਹੈ, ਜਿਸ ਕਾਰਨ ਸਪੀਡ ਦੀ ਲਿਮਿਟ ਦੱਸਣ ਲਈ ਲਾਏ ਗਏ ਸਾਈਨ ਬੋਰਡ ਉਤਾਰ ਦਿੱਤੇ ਗਏ। ਇਹੀ ਕਾਰਨ ਹੈ ਕਿ ਸੋਢਲ ਮੇਲੇ ਤੋਂ ਪਹਿਲਾਂ ਹੀ ਓਵਰ ਸਪੀਡ ਦੇ ਚਲਾਨ ਕੱਟਣੇ ਬੰਦ ਕਰ ਦਿੱਤੇ ਗਏ ਸਨ।

ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟਣ ਲਈ ਟਰੈਫਿਕ ਪੁਲਸ ਦੇ 2 ਨਾਕੇ ਲੱਗਦੇ ਸਨ। ਇਸ 'ਚੋਂ ਇਕ ਨਾਕਾ ਵੇਰਕਾ ਮਿਲਕ ਪਲਾਂਟ ’ਤੇ ਲਾਇਆ ਜਾਂਦਾ ਸੀ, ਜਦੋਂ ਕਿ ਇਕ ਨਾਕਾ ਪਰਾਗਪੁਰ ਵਿਖੇ ਲਾਇਆ ਜਾਂਦਾ ਸੀ। 7 ਸਤੰਬਰ ਨੂੰ ਉੱਚ ਅਧਿਕਾਰੀਆਂ ਵੱਲੋਂ ਟਰੈਫਿਕ ਪੁਲਸ ਨੂੰ ਹੁਕਮ ਮਿਲੇ ਕਿ ਓਵਰ ਸਪੀਡ ਦੇ ਚਲਾਨ ਰੋਕ ਦਿੱਤੇ ਜਾਣ। ਅਧਿਕਾਰੀਆਂ ਦੀ ਮੰਨੀਏ ਤਾਂ 7 ਸਤੰਬਰ ਤੋਂ ਇਕ ਵੀ ਓਵਰ ਸਪੀਡ ਦਾ ਚਲਾਨ ਨਹੀਂ ਹੋਇਆ। ਹਾਈਵੇ ’ਤੇ ਸਪੀਡ ਲਿਮਿਟ ਦੱਸਣ ਵਾਲੇ ਸਾਈਨ ਬੋਰਡ ਉਤਾਰ ਦਿੱਤੇ ਗਏ ਹਨ।

ਅਧਿਕਾਰੀਆਂ ਨੇ ਕਿਹਾ ਕਿ ਜਲਦ ਐੱਨ. ਐੱਚ. ਏ. ਆਈ. ਹਾਈਵੇ ’ਤੇ ਵਧਾਈ ਗਈ ਰਫਤਾਰ ਅਨੁਸਾਰ ਸਾਈਨ ਬੋਰਡ ਲਾਵੇਗੀ, ਜਿਸ ਤੋਂ ਬਾਅਦ ਦੁਬਾਰਾ ਹਾਈਵੇ ’ਤੇ ਨਾਕੇ ਲਾ ਦਿੱਤੇ ਜਾਣਗੇ। ਇਸ ਸਬੰਧੀ ਜਦੋਂ ਏ. ਡੀ. ਸੀ. ਪੀ. ਟਰੈਫਿਕ ਕੰਵਲਜੀਤ ਸਿੰਘ ਚਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਉਡੀਕ ਕਰ ਰਹੇ ਹਨ, ਜਿਉਂ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਬੋਰਡ ਲਾ ਦੇਵੇਗੀ, ਉਸੇ ਦਿਨ ਤੋਂ ਓਵਰ ਸਪੀਡ ਦੇ ਚਲਾਨ ਸ਼ੁਰੂ ਹੋ ਜਾਣਗੇ।

ਓਵਰ ਸਪੀਡ ਦੇ ਪੱਕੇ ਨਾਕਿਆਂ ਕਾਰਨ ਐਕਸੀਡੈਂਟ ਦੇ ਕੇਸਾਂ ’ਚ ਆ ਗਈ ਸੀ ਕਮੀ
ਟਰੈਫਿਕ ਪੁਲਸ ਦੀ ਮੰਨੀਏ ਤਾਂ ਓਵਰ ਸਪੀਡ ਦੇ ਪੱਕੇ ਨਾਕੇ ਲੱਗਣ ਦੇ ਕੁਝ ਹੀ ਸਮੇਂ ਬਾਅਦ ਐਕਸੀਡੈਂਟ ਦੇ ਕੇਸਾਂ ਵਿਚ ਬਹੁਤ ਕਮੀ ਆ ਗਈ ਸੀ। ਲੋਕਾਂ ਨੂੰ ਪਤਾ ਹੁੰਦਾ ਸੀ ਕਿ ਪਰਾਗਪੁਰ ਤੋਂ ਐਂਟਰੀ ਲੈਣ ਸਮੇਂ ਅਤੇ ਵੇਰਕਾ ਮਿਲਕ ਪਲਾਂਟ ’ਤੇ ਓਵਰ ਸਪੀਡ ਚੈੱਕ ਕਰਨ ਦੇ ਨਾਕੇ ਲੱਗ ਹੁੰਦੇ ਹਨ, ਜਿਸ ਕਾਰਨ ਲੋਕ ਓਵਰ ਸਪੀਡ ਤੋਂ ਬਚਣ ਲੱਗੇ ਸਨ। ਦੱਸ ਦੇਈਏ ਕਿ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਪਰਾਗਪੁਰ ਤੱਕ ਕਈ ਬਲੈਕ ਸਪਾਟ ਵੀ ਹਨ, ਜਿਨ੍ਹਾਂ ’ਤੇ ਵੀ ਐਕਸੀਡੈਂਟ ਹੋਣੇ ਬੰਦ ਹੋ ਗਏ ਸਨ।

ਚਲਾਨਾਂ ਦੀ ਵਧਾਈ ਜਾਵੇਗੀ ਗਿਣਤੀ : ਏ. ਡੀ. ਸੀ. ਪੀ. ਟਰੈਫਿਕ
   ਏ. ਡੀ. ਸੀ. ਪੀ. ਟਰੈਫਿਕ ਕੰਵਲਜੀਤ ਸਿੰਘ ਚਾਹਲ ਨੇ ਕਿਹਾ ਕਿ ਪਹਿਲਾਂ ਓਵਰ ਸਪੀਡ ਦੇ ਚਲਾਨਾਂ ਦੀ ਗਿਣਤੀ ਰੋਜ਼ਾਨਾ 5 ਤੋਂ 7 ਹੁੰਦੀ ਸੀ ਪਰ ਓਵਰ ਸਪੀਡ ਦੇ ਚਲਾਨਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਦੇ ਕੁਝ ਮੁਲਾਜ਼ਮ ਟਰੇਨਿੰਗ ’ਤੇ ਗਏ ਸਨ, ਜਿਹੜੇ ਪਰਤ ਚੁੱਕੇ ਹਨ। ਰਿਸ਼ਵਤਖੋਰੀ ਖ਼ਤਮ ਕਰਨ ਲਈ ਉਹ ਖੁਦ ਚੈਕਿੰਗ ਕਰਦੇ ਰਹਿਣਗੇ ਤੇ ਪੈਸੇ ਲੈ ਕੇ ਚਲਾਨ ਨਾ ਕੱਟਣ ਵਾਲੇ ਮੁਲਾਜ਼ਮ ਮਿਲੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


Anuradha

Content Editor

Related News