ASI ਵੱਲੋਂ ਚਾਲਾਨ ਕਰਨ ''ਤੇ ਭੜਕੇ ਮਜ਼ਦੂਰ ਸਭਾ ਦੇ ਪ੍ਰਧਾਨ ਨੇ ਦਿੱਤੀ ਨਕੋਦਰ ਦੀ ਧਰਤੀ ’ਤੇ ਅੱਗ ਲਾਉਣ ਦੀ ਚਿਤਾਵਨੀ

04/19/2022 11:52:33 AM

ਨਕੋਦਰ (ਪਾਲੀ) : ਨਕੋਦਰ ਪੁਲਸ ਦੀ ਕਾਰਵਾਈ ਤੋਂ ਭੜਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਨੇ ਬਦਮਾਸ਼ੀ ਕਰਨੀ ਨਾ ਛੱਡੀ ਤਾਂ ਨਕੋਦਰ ਦੀ ਧਰਤੀ ’ਤੇ ਅੱਗ ਲਾ ਦਿਆਂਗੇ, ਜਿਸ ਦੀ ਜ਼ਿੰਮੇਵਾਰੀ ਪੁਲਸ ਵਿਭਾਗ ਦੀ ਹੋਵੇਗੀ। ਉਕਤ ਚਿਤਾਵਨੀ ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਕੀਤੀ। ਇਸ ਸਬੰਧੀ ਜਦੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਨਕੋਦਰ ਸਿਟੀ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਨੇ ਸਥਾਨਕ ਫੁਹਾਰਾ ਚੌਕ ਵਿਖੇ ਇਕ ਰਿਫਰੈਸ਼ਮੈਂਟ ਦੇ ਬਾਹਰ ਸਾਥੀਆਂ ਨਾਲ ਐਕਟਿਵਾ ’ਤੇ ਖੜ੍ਹੇ ਨੌਜਵਾਨ ਦਾ ਟ੍ਰਿਪਲ ਰਾਈਡਿੰਗ ਤੇ ਬਿਨਾਂ ਲਾਇਸੈਂਸ ਦਾ ਚਾਲਾਨ ਕਰ ਦਿੱਤਾ ਜਦਕਿ ਉਕਤ ਨੌਜਵਾਨ ਆਪਣੇ ਸਾਥੀਆਂ ਨਾਲ ਖੜ੍ਹਾ ਗੱਲ ਕਰ ਰਿਹਾ ਸੀ ਤੇ ਲਾਇਸੈਂਸ ਬਣਨਾ ਦਿੱਤਾ ਹੋਇਆ ਹੈ, ਜਿਸ ਦੀ ਰਸੀਦ ਉਸ ਕੋਲ ਸੀ।

ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਉਕਤ ਏ. ਐੱਸ. ਆਈ. ਨੇ ਬਿਨਾਂ ਕਿਸੇ ਕਸੂਰ ਦੇ ਉਕਤ ਨੌਜਵਾਨ ਦਾ ਚਲਾਨ ਕਰ ਦਿੱਤਾ, ਜੋ ਬਰਦਾਸ਼ਤ ਤੋਂ ਬਾਹਰ ਹੈ ।ਉਨ੍ਹਾਂ ਆਪਣੀ ਫੇਸਬੁੱਕ ’ਤੇ ਚਿਤਾਵਨੀ ਦਿੱਤੀ ਕਿ ਜੇ ਕਿਸੇ ਏ. ਐੱਸ. ਆਈ. ਨੇ ਬਦਮਾਸ਼ੀ ਕਰਨੀ ਨਾ ਛੱਡੀ ਤਾਂ ਅਸੀਂ ਨਕੋਦਰ ਦੀ ਧਰਤੀ ’ਤੇ ਅੱਗ ਬਾਲ ਦਿਆਂਗਾ ਤੇ ਸਾਰੀ ਜ਼ਿੰਮੇਵਾਰੀ ਪੁਲਸ ਵਿਭਾਗ ਦੀ ਹੋਵੇਗੀ ।

ਪ੍ਰਧਾਨ ਨੂੰ ਇਸ ਤਰ੍ਹਾਂ ਦੀ ਪੋਸਟ ਨਹੀਂ ਪਾਉਣੀ ਚਾਹੀਦੀ:- ਡੀ. ਐੱਸ. ਪੀ. ਮੱਲ
ਇਸ ਮਾਮਲੇ ਸਬੰਧੀ ਜਦੋਂ ਡੀ. ਐੱਸ .ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਨੇ ਚਲਾਨ ਦੇਖ ਕੇ ਹੀ ਕੱਟਿਆ ਹੋਵੇਗਾ ਪਰ ਜੇਕਰ ਚਲਾਨ ਸਬੰਧੀ ਕੋਈ ਸ਼ਿਕਾਇਤ ਸੀ ਤਾਂ ਪ੍ਰਧਾਨ ਜੀ ਨੂੰ ਮਾਮਲਾ ਐੱਸ. ਐੱਚ. ਓ. ਸਿਟੀ ਜਾਂ ਮੇਰੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ ਪਰ ਜਦੋਂ ਉਨ੍ਹਾਂ ਨੂੰ ਪ੍ਰਧਾਨ ਵੱਲੋਂ ਫੇਸਬੁੱਕ ’ਤੇ ਪੁਲਸ ਨੂੰ ਦਿੱਤੀ ਚਿਤਾਵਨੀ ਸਬੰਧੀ ਪਾਈ ਪੋਸਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਪੋਸਟ ਨਹੀਂ ਦੇਖੀ ਤਾਂ ਨਾ ਹੀਂ ਪ੍ਰਧਾਨ ਜੀ ਨੂੰ ਇਸ ਤਰ੍ਹਾਂ ਦੀ ਪੋਸਟ ਪਾਉਣੀ ਚਾਹੀਦੀ ਸੀ, ਜਿਸ ਨਾਲ ਕੋਈ ਗ਼ਲਤ ਮੈਸੇਜ ਜਾਵੇ ।

 


 


Harnek Seechewal

Content Editor

Related News