ਜਲੰਧਰ : ਨਸ਼ੇ ਦੀ ਓਵਰਡੋਜ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
Wednesday, Sep 05, 2018 - 06:54 AM (IST)

ਲੁਧਿਆਣਾ,ਜਲੰਧਰ,(ਦਵਿੰਦਰ)— ਨਸ਼ੇ ਦੀ ਓਵਰਡੋਜ਼ ਨਾਲ 27 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਮੰਗਲਵਾਰ ਸ਼ਾਮ ਨੂੰ ਜਲੰਧਰ ਬਾਈਪਾਸ, ਦਾਣਾ ਮੰਡੀ ਕੋਲ ਇਕ ਪੈਟਰੋਲ ਪੰਪ ਦੇ ਪਖਾਨੇ ਵਿਚੋਂ ਮਿਲੀ। ਮ੍ਰਿਤਕ ਦੇ ਕੋਲੋਂ Îਇਕ ਸਰਿੰਜ ਵੀ ਮਿਲੀ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਸਲੇਮ ਟਾਬਰੀ ਇਲਾਕੇ ਦੇ ਰਹਿਣ ਵਾਲੇ ਧਰਮਿੰਦਰ ਵਜੋਂ ਹੋਈ ਹੈ, ਜਿਸ ਦਾ ਕਰੀਬ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਹੌਜ਼ਰੀ ਵਿਚ ਕੰਮ ਕਰਦਾ ਸੀ।
ਘਟਨਾ ਦਾ ਪਤਾ ਅੱਜ ਸ਼ਾਮ ਕਰੀਬ 5.30 ਵਜੇ ਉਦੋਂ ਲੱਗਾ, ਜਦੋਂ ਪੈਟਰੋਲ ਪੰਪ ’ਤੇ ਵਾਹਨ ਵਿਚ ਤੇਲ ਪਵਾਉਣ ਆਪਣੇ ਪਰਿਵਾਰ ਸਮੇਤ ਆਈ ਇਕ ਔਰਤ ਜਦੋਂ ਪਖਾਨੇ ’ਚ ਗਈ ਤਾਂ ਜਿਸ ਦਾ ਦਰਵਾਜ਼ਾ ਅੰਦਰੋਂ ਲਾਕ ਸੀ। ਕਰੀਬ 15 ਮਿੰਟ ਤਕ ਉਹ ਬਾਹਰ ਖੜ੍ਹੀ ਉਡੀਕ ਕਰਦੀ ਰਹੀ ਪਰ ਅੰਦਰੋਂ ਕੋਈ ਬਾਹਰ ਨਾ ਨਿਕਲਿਆ ਤਾਂ ਉਸ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਇਸ ਦੀ ਸ਼ਿਕਾਇਤ ਕੀਤੀ।
ਉਨ੍ਹਾਂ ਨੇ ਬਾਥਰੂਮ ਦੇ ਰੌਸ਼ਨਦਾਨ ਰਾਹੀਂ ਝਾਕ ਕੇ ਅੰਦਰ ਦੇਖਿਆ ਤਾਂ ਇਕ ਨੌਜਵਾਨ ਮੂਧੇ ਮੂੰਹ ਡਿਗਿਆ ਪਿਆ ਸੀ। ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਗਿਆ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਦੇਖਣ ਵਲਿਆਂ ਨੇ ਦੱਸਿਆ ਕਿ ਜਦੋਂ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋਈ ਹੈ।
ਉਧਰ, ਘਟਨਾ ਦਾ ਪਤਾ ਲਗਦੇ ਹੀ ਥਾਣਾ ਸਲੇਮ ਟਾਬਰੀ ਮੁਖੀ ਇੰਸ. ਵਿਜੇ ਸ਼ਰਮਾ ਪੁਲਸ ਪਾਰਟੀ ਨਾਲ ਪੁੱਜੇ। ਮ੍ਰਿਤਕ ਕੋਲੋਂ ਮਿਲੇ ਦਸਤਾਵੇਜ਼ ਦੇ ਆਧਾਰ ’ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਉਸ ਦੀ ਪਛਾਣ ਆਪਣੇ ਪੁੱਤਰ ਧਰਮਿੰਦਰ ਵਜੋਂ ਕੀਤੀ। ਇਸ ਤੋਂ ਬਾਅਦ ਜਦੋਂ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ ਵਿਚ ਬਾਅਦ ਦੁਪਹਿਰ 3 ਵਜੇ ਇਹ ਨੌਜਵਾਨ ਪੈਟਰੋਲ ਪੰਪ ’ਤੇ ਦਿਖਾਈ ਦਿੱਤਾ। ਇਸ ਤੋਂ ਬਾਅਦ ਉਹ ਪਖਾਨੇ ਵਿਚ ਦਾਖਲ ਹੋਇਆ ਅਤੇ ਫਿਰ ਬਾਹਰ ਨਹੀਂ ਆਇਆ। ਵਿਜੇ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕੇਸ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ।