ਜ਼ਿਮਨੀ ਚੋਣ : ਸ਼੍ਰੋਮਣੀ ਅਕਾਲੀ ਦਲ (ਅ) ਦੇ ਬੇਦਾਗ ਉਮੀਦਵਾਰ ਦੇ ਹੱਕ ''ਚ ਦਿੱਤਾ ਜਾਵੇ ਫਤਵਾ : ਸਿਮਰਨਜੀਤ ਮਾਨ
Thursday, Apr 27, 2023 - 11:05 PM (IST)

ਜਲੰਧਰ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅੱਜ ਲੋਕ ਸਭਾ ਹਲਕਾ ਜਲੰਧਰ ਤੋਂ ਪਾਰਟੀ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਲਕੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਪਾਰਟੀ ਦੇ ਜਲੰਧਰ ਮਾਡਲ ਟਾਊਨ ਸਥਿਤ ਦਫ਼ਤਰ ਪਹੁੰਚੇ, ਜਿੱਥੋਂ ਉਨ੍ਹਾਂ ਪ੍ਰੈੱਸ ਨੋਟ ਜਾਰੀ ਕਰਦਿਆਂ ਜਲੰਧਰ ਵਾਸੀਆਂ ਨੂੰ ਕਿਹਾ ਕਿ ਜੇਕਰ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਇਸ ਵਾਰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਬੇਦਾਗ ਦਿੱਖ ਵਾਲੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੇ ਹੱਕ ਵਿੱਚ ਫਤਵਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਰਾਜਨਾਥ ਸਿੰਘ ਨੇ ਚੀਨ ਦੇ ਰੱਖਿਆ ਮੰਤਰੀ ਸ਼ਾਂਗਫੂ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਐੱਮ.ਪੀ. ਮਾਨ ਨੇ ਕਿਹਾ ਕਿ ਬਾਦਲ ਦਲ, ਕਾਂਗਰਸ ਦੀਆਂ ਨੀਤੀਆਂ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 'ਚ ਆਪਣਾ ਭਰੋਸਾ ਦਿਖਾਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਭਰੋਸੇ ਨੂੰ ਬਰਕਰਾਰ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸੀਐੱਮ ਭਗਵੰਤ ਸਿੰਘ ਮਾਨ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਕੇ ਆਪਣੇ ਦਿੱਲੀ ਵਾਲੇ ਸਿਆਸੀ ਆਕਾਵਾਂ ਦੀ ਇੱਛਾ ਪੂਰਨ ਤੱਕ ਹੀ ਸੀਮਤ ਰਹਿ ਗਏ ਹਨ। ਵੋਟਾਂ ਤੋਂ ਪਹਿਲਾਂ ਹੋਰਨਾਂ ਪਾਰਟੀਆਂ ਦੇ ਕਾਰਜਕਾਲ ਦੌਰਾਨ ਲੱਗਣ ਵਾਲੇ ਧਰਨਿਆਂ 'ਤੇ ਤਿੱਖੇ ਵਿਅੰਗ ਕਰਕੇ ਲੋਕਾਂ ਦੀ ਵਾਹ-ਵਾਹੀ ਤੇ ਸਮਰਥਨ ਹਾਸਲ ਕਰਨ ਵਾਲੇ ਸੀਐੱਮ ਭਗਵੰਤ ਮਾਨ ਅੱਜ ਆਪਣੀ ਰਿਹਾਇਸ਼ ਅੱਗਿਓਂ ਧਰਨੇ ਖਤਮ ਕਰਨ ਵਿੱਚ ਅਸਮਰੱਥ ਹਨ। ਧਰਨਿਆ ਦੌਰਾਨ ਲਾਠੀਚਾਰਜਾਂ 'ਤੇ ਤੰਜ ਕੱਸਣ ਵਾਲੇ ਭਗਵੰਤ ਮਾਨ ਅੱਜ ਖੁਦ ਧਰਨਾਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਡੰਡੇ ਦਾ ਸਹਾਰਾ ਲੈ ਰਹੇ ਹਨ, ਜਦੋਂ ਕਿ ਕੋਈ ਵੀ ਵਾਅਦਾ ਪੂਰਾ ਹੁੰਦਾ ਨਾ ਦੇਖ ਪੰਜਾਬ ਦੇ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : 'ਭਾਜਪਾ ਦੀ ਵਿਚਾਰਧਾਰਾ 'ਚ ਜ਼ਹਿਰ...', ਵਿਵਾਦਤ ਬਿਆਨ 'ਤੇ ਖੜਗੇ ਨੇ ਦਿੱਤੀ ਸਫ਼ਾਈ
ਮਾਨ ਨੇ ਕਿਹਾ ਕਿ ਵੱਖ-ਵੱਖ ਵਰਗਾਂ ਖਾਸ ਕਰਕੇ ਸਿੱਖ ਕੌਮ ਨਾਲ ਹੋਣ ਵਾਲੇ ਵਿਤਕਰੇ ਦੇ ਖਾਤਮੇ, ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੀ ਜਿੱਤ ਯਕੀਨੀ ਬਣਾਈ ਜਾਵੇ ਤਾਂ ਜੋ ਵਾਅਦੇ ਕਰਕੇ ਮੁੱਕਰਨ ਵਾਲੀਆਂ ਬਾਦਲ ਦਲ, ਕਾਂਗਰਸ, 'ਆਪ' ਤੇ ਭਾਜਪਾ ਵਰਗੀਆਂ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਇਆ ਜਾ ਸਕੇ। ਪਾਰਟੀ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਹਮੇਸ਼ਾ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ। ਉਨ੍ਹਾਂ ਪ੍ਰੈੱਸ ਦੇ ਜ਼ਰੀਏ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 10 ਮਈ ਨੂੰ ਚੋਣ ਨਿਸ਼ਾਨ 'ਬਾਲਟੀ' ਦਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਜਿੱਤ ਯਕੀਨੀ ਬਣਾਈ ਜਾਵੇ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੁੱਤ ਤੇ ਜਵਾਈ ਨਾਲ ਮਿਲ ਕੇ ਪ੍ਰੇਮੀ ਨੂੰ ਉਤਾਰਿਆ ਮੌਤ ਦੇ ਘਾਟ, ਮੁਲਜ਼ਮ ਔਰਤ ਗ੍ਰਿਫ਼ਤਾਰ
ਇਸ ਮੌਕੇ ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਦਾਰ ਦਰਸ਼ਨ ਸਿੰਘ ਮੰਡੇਰ, ਰਣਦੀਪ ਸਿੰਘ, ਬੀਬੀ ਸੁਰਜੀਤ ਕੌਰ ਬਰਨਾਲਾ, ਪ੍ਰਿੰਸੀਪਲ ਬਲਦੇਵ ਸਿੰਘ ਬਰਨਾਲਾ, ਓਂਕਾਰ ਸਿੰਘ ਬਰਾੜ, ਗੁਰਜੀਤ ਸਿੰਘ ਲਦਾਲ, ਜਸਕਰਨ ਸਿੰਘ, ਪਿਆਰਾ ਸਿੰਘ ਗਿੱਲ ਤੇ ਕਰਮਜੀਤ ਸਿੰਘ ਕੱਟੂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।