ਤੁਰੰਤ ਪੰਜਾਬ ਦੀਅਾਂ ਮੰਡੀਅਾਂ ’ਚ ਝੋਨੇ ਦੇ ਲੱਗੇ ਅੰਬਾਰ
Friday, Nov 09, 2018 - 06:48 PM (IST)
ਜਲੰਧਰ (ਗੁਲਸ਼ਨ)-ਪੰਜਾਬ ਦੀਅਾਂ ਮੰਡੀਅਾਂ ’ਚ ਇਨ੍ਹੀਂ ਦਿਨੀਂ ਝੋਨੇ ਦੀ ਫਸਲ ਦੇ ਅੰਬਾਰ ਲੱਗੇ ਹੋਏ ਹਨ। ਲਿਫਟਿੰਗ ਹੋਣ ਦੇ ਬਾਵਜੂਦ ਅਜੇ ਤੱਕ ਮੰਡੀਅਾਂ ’ਚ ਭਾਰੀ ਮਾਤਰਾ ’ਚ ਫਸਲ ਬਕਾਇਆ ਪਈ ਹੈ। ਸੂਚਨਾ ਮੁਤਾਬਕ ਝੋਨੇ ਦੀ ਫਸਲ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲਿਫਟਿੰਗ ਨਹੀਂ ਹੋ ਰਹੀ ਹੈ। ਇਸ ਕਾਰਨ ਮੰਡੀਅਾਂ ’ਚ ਬੈਠੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਅਾਂ ਲਕੀਰਾਂ ਹਨ।ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਕਿਹਾ ਕਿ ਮੋਗਾ, ਬਰਨਾਲਾ, ਮਾਨਸਾ, ਸੰਗਰੂਰ ਤੇ ਲੌਂਗੋਵਾਲ ਸਮੇਤ ਪੰਜਾਬ ਦੀਅਾਂ ਵੱਖ-ਵੱਖ ਮੰਡੀਅਾਂ ’ਚ 40 ਲੱਖ ਟਨ ਝੋਨੇ ਦੀ ਫਸਲ ਬਕਾਇਆ ਪਈ ਹੈ, ਜਿਸ ’ਚ ਨਮੀ ਦੀ ਮਾਤਰਾ 20 ਤੋਂ 25 ਫੀਸਦੀ ਤੱਕ ਹੈ। ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲਿਫਟਿੰਗ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਿੱਲਰਜ਼ ਨੂੰ 17 ਫੀਸਦੀ ਨਮੀ ’ਤੇ 1 ਫੀਸਦੀ ਡ੍ਰਾਇਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਿਲਿੰਗ ਪਾਲਿਸੀ ’ਚ ਬਦਲਾਅ ਕਰਦੇ ਹੋਏ ਨਮੀ ਦਰ 17 ਤੋਂ 20 ਫੀਸਦੀ ਤੇ ਮਿੱਲਰਜ਼ ਨੂੰ ਡ੍ਰਾਇਰ ਦਰ ਵਧਾ ਕੇ 4 ਫੀਸਦੀ ਦੇਵੇ ਤਾਂ ਪੰਜਾਬ ਦੇ ਰਾਈਸ ਮਿੱਲਰਜ਼ ਮੰਡੀਅਾਂ ’ਚ ਪਈ ਸਾਰੀ ਫਸਲ ਉਠਾਉਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਨੂੰ ਤਿਆਰ ਹੈ ਪਰ ਸ਼ਰਤ ਇਹ ਹੈ ਕਿ ਸਰਕਾਰ ਵੀ ਉਨ੍ਹਾਂ ਦੀਅਾਂ ਮੰਗਾਂ ਵੱਲ ਧਿਆਨ ਦੇਵੇ। ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਪੰਜਾਬ ਦੇ ਫੂਡ ਸਪਲਾਈ ਮੰਤਰੀ ਭੂਸ਼ਨ ਆਸ਼ੂ, ਸੈਕਟਰੀ ਫੂਡ ਸਪਲਾਈ ਸ਼੍ਰੀ ਸਿਨ੍ਹਾ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਹੀ ਇਸ ’ਤੇ ਫੈਸਲਾ ਲਵੇ ਨਹੀਂ ਤਾਂ ਕਿਸਾਨ ਆਤਮਹੱਤਿਆ ਲਈ ਮਜਬੂਰ ਹੋਣਗੇ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਸਤਿਆ ਪ੍ਰਕਾਸ਼ ਗੋਇਲ, ਜਨਰਲ ਸੈਕਟਰੀ ਅਸ਼ਵਨੀ ਕੁਮਾਰ, ਗੋਲਡੀ, ਸੁਰਿੰਦਰ ਸੰਘਾ, ਮੋਗਾ ਤੋਂ ਰਮਨ ਜਿੰਦਲ ਆਦਿ ਵੀ ਮੌਜੂਦ ਸਨ।
