ਜੀ. ਐੱਸ. ਟੀ. ਮੋਬਾਈਲ ਵਿੰਗ ਦੀ ਰੇਲਵੇ ਸਟੇਸ਼ਨ ’ਤੇ ਛਾਪੇਮਾਰੀ : ਲੱਖਾਂ ਦੀ ਕੀਮਤ ਵਾਲੇ 8 ਨਗ ਜ਼ਬਤ

08/23/2022 1:43:03 PM

ਜਲੰਧਰ (ਪੁਨੀਤ, ਗੁਲਸ਼ਨ) : ਜੀ. ਐੱਸ. ਟੀ. ਮੋਬਾਈਲ ਵਿੰਗ ਵੱਲੋਂ ਰੇਲਵੇ ਜ਼ਰੀਏ ਆ ਰਹੇ ਮਾਲ ’ਤੇ ਖ਼ਾਸ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਟੈਕਸ ਚੋਰੀ ਨੂੰ ਲਗਾਮ ਲਾਈ ਜਾ ਸਕੇ। ਇਸੇ ਲੜੀ 'ਚ ਵਿਭਾਗ ਨੇ ਅੱਜ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਰੈਡੀਮੇਟ ਗਾਰਮੈਂਟਸ ਨਾਲ ਸਬੰਧਤ 8 ਨਗ ਮਾਲ ਜ਼ਬਤ ਕਰ ਕੇ ਆਪਣੇ ਕਬਜ਼ੇ 'ਚ ਲੈ ਲਏ। ਨਗਾਂ 'ਚ ਲੱਖਾਂ ਰੁਪਏ ਦਾ ਮਾਲ ਦੱਸਿਆ ਜਾ ਰਿਹਾ ਹੈ। ਹਾਲ ਹੀ 'ਚ ਹੋਈ ਇਕ ਵੱਡੀ ਕਾਰਵਾਈ ਵਿਚ ਵਿਭਾਗ ਨੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ 90 ਨਗ ਮਾਲ ਜ਼ਬਤ ਕੀਤਾ ਸੀ, ਜਿਸ 'ਚ ਤੰਬਾਕੂ ਪ੍ਰੋਡਕਟਸ ਦੱਸੇ ਗਏ ਹਨ ਅਤੇ ਇਸ ’ਤੇ ਕਾਰਵਾਈ ਚੱਲ ਰਹੀ ਹੈ।

ਵਿਭਾਗ ਨੇ ਅੱਜ ਵੀ ਰੇਲਵੇ ਸਟੇਸ਼ਨ ’ਤੇ ਕਾਰਵਾਈ ਨੂੰ ਅੰਜਾਮ ਦੇ ਕੇ ਮਾਲ ਨੂੰ ਕਬਜ਼ੇ ਵਿਚ ਲੈ ਕੇ ਜੀ. ਐੱਸ. ਟੀ. ਭਵਨ ਦੇ ਸਟੋਰ 'ਚ ਰੱਖਵਾਇਆ, ਜਿਸ 'ਚ ਰੈਡੀਮੇਡ ਗਾਰਮੈਂਟਸ ਨਾਲ ਸਬੰਧਤ ਪ੍ਰੋਡਕਟਸ ਦੱਸੇ ਗਏ ਹਨ। ਗੁਪਤ ਸੂਚਨਾ ਦੇ ਆਧਾਰ ’ਤੇ ਮੋਬਾਈਲ ਵਿੰਗ ਦੇ ਡਿਪਟੀ ਡਾਇਰੈਕਟਰ ਦਪਿੰਦਰ ਸਿੰਘ ਗਰਚਾ ਨੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਡੀ. ਐੱਸ. ਚੀਮਾ ਦੀ ਅਗਵਾਈ ਵਿਚ ਇਕ ਟੀਮ ਦਾ ਗਠਨ ਕਰ ਕੇ ਕਾਰਵਾਈ ਲਈ ਭੇਜਿਆ ਹੈ। ਇਸ ਲੜੀ 'ਚ ਰੇਲਵੇ ਸਟੇਸ਼ਨ ’ਤੇ ਸ਼ਾਨ-ਏ-ਪੰਜਾਬ 'ਚ ਦਿੱਲੀ ਤੋਂ ਆਏ ਰੈਡੀਮੇਡ ਗਾਰਮੈਂਟਸ ਦੇ 8 ਨਗਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ। ਐੱਸ. ਟੀ.ਓ. ਚੀਮਾ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਗਾਂ ਨੂੰ ਬੱਸ ਅੱਡੇ ਨੇੜੇ ਸਥਿਤ ਜੀ. ਐੱਸ. ਟੀ. ਭਵਨ ਦੇ ਸਟੋਰ 'ਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ : ‘ਘਰ-ਘਰ ਰਾਸ਼ਨ’ ਸਕੀਮ ਨਾਲ 1.54 ਕਰੋੜ ਲੋਕਾਂ ਦੇ 170 ਕਰੋੜ ਰੁਪਏ ਬਚਣਗੇ : ਕਟਾਰੂਚੱਕ

ਵਿਭਾਗ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਦੌਰਾਨ ਮਾਲ ਲੈਣ ਲਈ ਆਏ ਵਿਅਕਤੀ ਵੱਲੋਂ ਸਬੰਧਤ ਨਗਾਂ ਦੇ ਬਿੱਲ ਅਧਿਕਾਰੀਆਂ ਨੂੰ ਦਿਖਾਏ ਗਏ। ਵਿਭਾਗ ਨੇ ਉਕਤ ਬਿੱਲਾਂ ਨੂੰ ਆਪਣੇ ਰਿਕਾਰਡ 'ਚ ਰੱਖ ਲਿਆ ਹੈ। ਪਿਛਲੇ ਸਮੇਂ ਦੌਰਾਨ ਵਿਭਾਗ ਨੂੰ ਰੇਲਵੇ ਜ਼ਰੀਏ ਆਉਣ ਵਾਲੇ ਮਾਲ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਮਿਲੀਆਂ ਹਨ। ਇਸ ਕਰ ਕੇ ਰੇਲਵੇ ਜ਼ਰੀਏ ਆਉਣ ਵਾਲਾ ਮਾਲ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਨਿਸ਼ਾਨੇ ’ਤੇ ਹੈ।

ਮਾਲ ਦੀ ਗਿਣਤੀ ਹੋਣ ਉਪਰੰਤ ਹੋਵੇਗੀ ਅਗਲੀ ਕਾਰਵਾਈ
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲ ਲੈਣ ਆਏ ਸਬੰਧਤ ਵਿਅਕਤੀ ਵੱਲੋਂ ਬਿੱਲ ਪੇਸ਼ ਕੀਤੇ ਗਏ ਹਨ। ਮੋਬਾਈਲ ਵਿੰਗ ਦੇ ਡਿਪਟੀ ਡਾਇਰੈਕਟਰ ਦਪਿੰਦਰ ਸਿੰਘ ਗਰਚਾ ਵੱਲੋਂ ਇਸ ਸਬੰਧ ਵਿਚ ਵਿਭਾਗ ਦੇ ਅਧਿਕਾਰੀ ਦੀ ਡਿਊਟੀ ਲਾਈ ਜਾਵੇਗੀ। ਇਸ ਤੋਂ ਬਾਅਦ ਨਗਾਂ ਨੂੰ ਖੋਲ੍ਹਿਆ ਜਾਵੇਗਾ। ਬਿੱਲ ਅਤੇ ਨਗਾਂ ਦੇ ਮਾਲ ਦਾ ਆਪਸ 'ਚ ਮਿਲਾਨ ਕੀਤਾ ਜਾਵੇਗਾ। ਬਿੱਲ ਘੱਟ ਹੋਣ ਅਤੇ ਮਾਲ ਵੱਧ ਪਾਏ ਜਾਣ ’ਤੇ ਬਣਦਾ ਜੁਰਮਾਨਾ ਕੀਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਇਸ ਤਰ੍ਹਾਂ ਦੇ ਆਉਣ ਵਾਲੇ ਨਗਾਂ 'ਚ ਮਾਲ ਵੱਧ ਨਿਕਲਦਾ ਹੈ, ਜਿਸ ਤੋਂ ਬਾਅਦ ਵਿਭਾਗ ਵੱਲੋਂ ਜੁਰਮਾਨਾ ਕੀਤਾ ਜਾਂਦਾ ਹੈ। ਜੁਰਮਾਨਾ ਅਦਾ ਕਰਨ ਤੋਂ ਬਾਅਦ ਵਿਭਾਗ ਵੱਲੋਂ ਲਿਖ਼ਤੀ ਕਾਰਵਾਈ ਕਰਨ ਤੋਂ ਬਾਅਦ ਮਾਲ ਰਿਲੀਜ਼ ਕੀਤਾ ਜਾਂਦਾ ਹੈ।


Anuradha

Content Editor

Related News